ਨਵੀਂ ਦਿੱਲੀ: ਦਿੱਲੀ 'ਚ ਬੀਜੇਪੀ ਸਾਂਸਦ ਆਮ ਆਦਮੀ ਪਾਰਟੀ ਨਾਲ ਖੜ੍ਹੇ ਹੋ ਗਏ ਹਨ ਪਰ ਇਹ ਸਾਥ ਦਿੱਲੀ 'ਚ ਚਿਕਨਗੁਨੀਆ ਬੁਖਾਰ ਨਾਲ ਨਜਿੱਠਣ ਤੇ ਲੋਕਾਂ ਨੂੰ ਰਾਹਤ ਦੇਣ ਦੇ ਮੁੱਦੇ 'ਤੇ ਦਿੱਤਾ ਗਿਆ ਹੈ। ਦਿੱਲੀ ਦੇ ਜਲ ਮੰਤਰੀ ਕਪਿਲ ਮਿਸ਼ਰਾ ਨੇ ਬੀਜੇਪੀ ਸਾਂਸਦ ਮਨੋਜ ਤਿਵਾੜੀ ਨਾਲ ਫੋਟੋ ਟਵੀਟ ਕੀਤਾ ਹੈ। ਇਸ ਫੋਟੋ ਦੇ ਨਾਲ ਲਿਖਿਆ ਗਿਆ ਹੈ ਕਿ ਬੁੱਧਵਾਰ ਸ਼ਾਮ 5.30 ਵਜੇ ਦਿੱਲੀ ਦੇ ਬੀਜੇਪੀ ਸਾਂਸਦ ਵੀ ਉਨ੍ਹਾਂ ਦੇ ਨਾਲ ਫੌਗਿੰਗ ਕਰਨ ਲਈ ਸੜਕਾਂ 'ਤੇ ਨਿਕਲਣਗੇ। ਤਿਵਾੜੀ ਨੇ ਇਸ ਨੂੰ ਰੀਟਵੀਟ ਕੀਤਾ, ਇਸ 'ਤੇ ਮਿਸ਼ਰਾ ਨੇ ਉਨ੍ਹਾਂ ਨੂੰ ਧੰਨਵਾਦ ਕਿਹਾ ਹੈ।
ਕਪਿਲ ਮਿਸ਼ਰਾ ਨੇ ਮੰਗਲਵਾਰ ਰਾਤ ਦਿੱਲੀ 'ਚ ਫਾਗਿੰਗ ਕਰਨ ਦੀਆਂ ਤਸਵੀਰਾਂ ਹੈਸ਼ਟੈਗ #OneDelhi ਦੇ ਨਾਲ ਟਵੀਟ ਕੀਤੀਆਂ ਹਨ। ਇਸ 'ਚ ਮੱਛਰਾਂ ਨਾਲ ਹੋਣ ਵਾਲੇ ਡੇਂਗੂ ਤੇ ਚਿਕਨਗੁਨੀਆ ਬੁਖਾਰ ਨਾਲ ਲੜਨ ਲਈ ਪੂਰੀ ਦਿੱਲੀ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਹੈ। ਮਨੋਜ ਤਿਵਾੜੀ ਨੇ ਵੀ ਆਪਣੇ ਟਵੀਟ 'ਚ 'ਆਪ' ਸਰਕਾਰ ਦੇ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਲਿਖਿਆ, ਅੱਜ ਦਿੱਲੀ ਨੂੰ ਸਭ ਦੇ ਸਾਥ ਦੀ ਲੋੜ ਹੈ। ਜਿਕਰਯੋਗ ਹੈ ਕਿ ਕੱਲ੍ਹ ਬੀਜੇਪੀ ਤੇ 'ਆਪ' 'ਚ ਇਲਜ਼ਾਮਾਂ ਦਾ ਦੌਰ ਚੱਲਿਆ ਸੀ। ਪਰ ਅੱਜ ਲੀਡਰਾਂ ਨੇ ਇਕੱਠੇ ਹੋ ਕੇ ਇਸ ਬਿਮਾਰੀ ਨਾਲ ਲੜਨ ਦੀ ਗੱਲ ਕਹੀ ਹੈ।
ਹਾਲਾਂਕਿ ਖਬਰ ਹੈ ਕਿ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਚਿਕਨਗੁਨੀਆ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚਿਕਨਗੁਨੀਆ ਕਾਰਨ ਹੁਣ ਤੱਕ ਦਿੱਲੀ 'ਚ 6 ਮੌਤਾਂ ਹੋਈਆਂ ਹਨ। ਜਦਕਿ ਦਿੱਲੀ ਸਰਕਾਰ ਨੇ ਆਪਣੇ ਹਲਫਨਾਮੇ 'ਚ ਕਿਹਾ ਹੈ ਕਿ 10 ਸਤੰਬਰ ਤੱਕ 4 ਲੋਕਾਂ ਦੀ ਮੌਤ ਡੇਂਗੂ ਕਾਰਨ ਹੋਈ ਹੈ। ਪਰ ਚਿਕਨਗੁਨੀਆ ਨਾਲ ਇੱਕ ਵੀ ਵਿਅਕਤੀ ਦੀ ਮੌਤ ਨਹੀਂ ਹੋਈ ਹੈ।