ਨਵੀਂ ਦਿੱਲੀ: ਨਰੇਂਦਰ ਮੋਦੀ ਦੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਅਜਿਹਾ ਬਿਆਨ ਦਿੱਤਾ ਹੈ, ਜਿਸ ਨਾਲ ਦੇਸ਼ ਦੀ ਸਿਆਸਤ 'ਚ ਭੁਚਾਲ ਆ ਸਕਦਾ ਹੈ। ਗਡਕਰੀ ਨੇ ਮੁੰਬਈ ਦੇ ਇੱਕ ਸਮਾਗਮ 'ਚ ਨਰੇਂਦਰ ਮੋਦੀ ਦੇ ਅੱਛੇ ਦਿਨਾਂ ਦੇ ਨਾਅਰੇ 'ਤੇ ਕਿਹਾ, "ਅੱਛੇ ਦਿਨਾਂ ਦਾ ਜ਼ਿਕਰ ਮਨਮੋਹਨ ਸਿੰਘ ਨੇ ਕੀਤਾ ਸੀ, ਜਿਹੜਾ ਸਾਡੇ ਗਲੇ ਦੀ ਹੱਡੀ ਬਣ ਗਿਆ ਹੈ। ਅੱਛੇ ਦਿਨ ਕਦੇ ਨਹੀਂ ਆਉਂਦੇ, ਅੱਛੇ ਦਿਨ ਸਿਰਫ ਮੰਨਣ ਨਾਲ ਆਉਂਦੇ ਹਨ।"
ਗਡਕਰੀ ਨੇ ਅੱਛੇ ਦਿਨ 'ਤੇ ਇਹ ਬਿਆਨ ਦਿੰਦਿਆਂ ਪੀਐਮ ਮੋਦੀ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨੇ ਹੀ ਉਨ੍ਹਾਂ ਨੂੰ ਇਹ ਕਹਾਣੀ ਦੱਸੀ ਸੀ। "ਮੋਦੀ ਜੀ ਨੇ ਕਿਹਾ ਸੀ ਕਿ ਇੱਕ ਵਾਰ ਇੱਕ ਐਨ.ਆਰ.ਆਈ. ਨੇ ਮਨਮੋਹਨ ਸਿੰਘ ਤੋਂ ਅੱਛੇ ਦਿਨਾਂ ਨੂੰ ਲੈ ਕੇ ਸਵਾਲ ਪੁੱਛਿਆ ਸੀ ਜਿਸ ਦੇ ਜਵਾਬ 'ਚ ਮਨਮੋਹਨ ਸਿੰਘ ਨੇ ਕਿਹਾ ਸੀ ਕਿ 'ਅੱਛੇ ਦਿਨ' ਆਉਣਗੇ।"
ਨਿਤਿਨ ਗਡਕਰੀ ਦੇ ਇਸ ਬਿਆਨ 'ਤੇ ਕਾਂਗਰਸ ਨੇ ਹਮਲਾ ਬੋਲ ਦਿੱਤਾ ਹੈ। ਕਾਂਗਰਸ ਲੀਡਰ ਮੀਮ ਅਫਜ਼ਲ ਨੇ ਕਿਹਾ, "ਅੱਛੇ ਦਿਨ ਦਾ ਨਾਅਰਾ ਸਿਰਫ ਨਾਅਰਾ ਨਹੀਂ ਸੀ, ਇਹ ਇੱਕ ਸੁਫਨਾ ਸੀ ਜੋ ਮੋਦੀ ਜੀ ਨੇ ਦੇਸ਼ ਦੀ ਜਨਤਾ ਨੂੰ ਦਿਖਾਇਆ ਸੀ। ਹੁਣ ਇਨ੍ਹਾਂ ਦੀ ਸਰਕਾਰ ਆ ਗਈ ਹੈ ਤਾਂ ਇਨ੍ਹਾਂ ਨੂੰ ਲੱਗ ਰਿਹਾ ਹੈ ਕਿ ਅੱਛੇ ਦਿਨ ਆ ਗਏ ਹਨ। ਮੋਦੀ ਜੀ ਨੇ ਚੋਣਾਂ ਤੋਂ ਪਹਿਲਾਂ ਵੱਡੀਆਂ-ਵੱਡੀਆਂ ਰੈਲੀਆਂ 'ਚ ਨਾਅਰੇ ਲਵਾਉਂਦੇ ਸਨ। 'ਅੱਛੇ ਦਿਨ' ਜਨਤਾ ਜਵਾਬ ਦਿੰਦੀ ਸੀ ਕਿ 'ਆਏਂਗੇ'। ਹੁਣ ਨਿਤਿਨ ਗਡਕਰੀ ਜਿਸ ਤਰ੍ਹਾਂ ਦਾ ਬਿਆਨ ਦੇ ਰਹੇ ਹਨ, ਉਹ ਜਨਤਾ ਦਾ ਅਪਮਾਣ ਹੈ।"