ਨਵੀਂ ਦਿੱਲੀ: ਆਰ.ਬੀ.ਆਈ. ਨੇ 10 ਰੁਪਏ ਦੇ ਨਕਲੀ ਸਿੱਕਿਆਂ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਹੈ। ਲੋਕਾਂ ਨੂੰ ਅਜਿਹੀਆਂ ਝੂਠੀਆਂ ਅਫਵਾਹਾਂ 'ਤੇ ਧਿਆਨ ਨਾ ਦੇਣ ਲਈ ਕਿਹਾ ਗਿਆ ਹੈ। ਆਰ.ਬੀ.ਆਈ. ਨੇ ਸਾਫ ਕੀਤਾ ਹੈ ਕਿ ‘₹’ ਦੇ ਚਿੰਨ੍ਹ ਵਾਲੇ ਤੇ ਬਿਨਾਂ ਚਿੰਨ੍ਹ ਵਾਲੇ 10 ਰੁਪਏ ਦੇ ਸਿੱਕੇ ਦੋਵੇਂ ਹੀ ਅਸਲੀ ਹਨ।

ਕੇਂਦਰੀ ਬੈਂਕ ਨੇ ਲੋਕਾਂ ਨੂੰ ਹਰ ਤਰ੍ਹਾਂ ਦੀ ਖਰੀਦਦਾਰੀ 'ਚ ਬਿਨਾਂ ਕਿਸੇ ਡਰ ਦੇ ਇਨ੍ਹਾਂ ਸਿੱਕਿਆਂ ਨੂੰ ਲੈਣ ਦੀ ਅਪੀਲ ਕੀਤੀ ਹੈ। ਰਿਜ਼ਰਵ ਬੈਂਕ ਨੇ ਇੱਕ ਬਿਆਨ 'ਚ ਕਿਹਾ ਕਿ ਜਾਣਕਾਰੀ ਮਿਲ ਰਹੀ ਹੈ ਕਿ ਕੁਝ ਵਪਾਰੀ ਜਾਂ ਦੁਕਾਨਦਾਰਾਂ ਵੱਲੋਂ 10 ਦੇ ਬਿਨਾਂ ‘₹’ ਚਿੰਨ੍ਹ ਵਾਲੇ ਸਿੱਕਿਆਂ ਨੂੰ ਨਕਲੀ ਦੱਸ ਕੇ ਲੈਣ ਤੋਂ ਇਨਕਾਰ ਕਰ ਰਹੇ ਹਨ। ਅਜਿਹੇ 'ਚ ਦੇਸ਼ ਦੇ ਕੁਝ ਹਿੱਸਿਆਂ ਵਿੱਚ ਸਿੱਕਿਆਂ ਦੇ ਲੈਣ-ਦੇਣ 'ਤੇ ਅਸਰ ਪੈ ਰਿਹਾ ਹੈ।

ਆਰ.ਬੀ.ਆਈ. ਅਧਿਕਾਰੀਆਂ ਦੇ ਬਿਆਨ ਮੁਤਾਬਕ, "ਰਿਜ਼ਰਵ ਬੈਂਕ ਲੋਕਾਂ ਨੂੰ ਸਲਾਹ ਦਿੰਦਾ ਹੈ ਕਿ ਉਹ ਇਸ ਤਰਾਂ ਦੀ ਝੂਠੀ ਅਫਵਾਹ 'ਤੇ ਧਿਆਨ ਨਾ ਦੇਣ ਤੇ ਬਿਨਾਂ ਕਿਸੇ ਡਰ ਦੇ ਆਪਣੇ ਕਾਰੋਬਾਰ ਲਈ ਇਨ੍ਹਾਂ ਸਿੱਕਿਆਂ ਨੂੰ ਕਾਨੂੰਨੀ ਮੁਦਰਾ ਦੇ ਰੂਪ 'ਚ ਸਵੀਕਾਰ ਕਰਨ।"