ਨਵੀਂ ਦਿੱਲੀ: 8 ਨਵੰਬਰ ਤੋਂ ਸ਼ੁਰੂ ਹੋਈ ਨੋਟਬੰਦੀ ਤੋਂ ਬਾਅਦ ਅਜੇ ਤੱਕ ਬਾਜ਼ਾਰ ਮੰਦੀ ਦੇ ਦੌਰ 'ਚੋਂ ਲੰਘ ਰਿਹਾ ਹੈ। ਕੱਲ੍ਹ ਐਤਵਾਰ ਹੋਣ ਕਾਰਨ ਬੈਂਕਾਂ ਬੰਦ ਹੋਣ 'ਤੇ ਲੋਕ ਸਿਰਫ ਏਟੀਐਮ ਭਰੋਸੇ ਹੀ ਰਹੇ, ਪਰ ਅੱਜ ਬੈਂਕ ਖੁੱਲ੍ਹਣ 'ਤੇ ਕੁਝ ਰਾਹਤ ਮਿਲਣ ਦੀ ਉਮੀਦ ਹੈ। ਹਾਲਾਂਕਿ ਅੱਜ 13ਵੇਂ ਦਿਨ ਵੀ ਲੋਕ ਨੋਟਾਂ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ।

ਅੱਜ ਦੇਸ਼ ਦੇ ਸਾਰੇ ਬੈਂਕ ਫਿਰ ਤੋਂ ਆਪਣਾ ਕੰਮ ਕਰ ਰਹੇ ਹਨ। ਤੁਸੀਂ ਬੈਂਕ ਜਾ ਕੇ ਪੁਰਾਣੇ ਨੋਟ ਬਦਲਵਾ ਸਕਦੇ ਹੋ ਤੇ ਰੁਪਏ ਕਢਵਾ ਵੀ ਸਕਦੇ ਹੋ। ਇਸ ਵੇਲੇ ਤੁਸੀਂ ਬੈਂਕ ਤੋਂ 2000 ਰੁਪਏ ਦੇ ਨੋਟ ਬਦਲਵਾ ਸਕਦੇ ਹੋ। ਇਸ ਤੋਂ ਇਲਾਵਾ ਏਟੀਐਮ ਤੋਂ 2500 ਰੁਪਏ ਕਢਵਾ ਸਕਦੇ ਹੋ। ਨੋਟਬੰਦੀ ਤੋਂ ਬਾਅਦ ਦੇਸ਼ ਭਰ 'ਚ 36 ਹਜ਼ਾਰ ਤੋਂ ਵੱਧ ਏਟੀਐਮ ਕੰਮ ਕਰਨ ਲੱਗੇ ਹਨ। ਹਾਲਾਂਕਿ ਪੂਰੇ ਦੇਸ਼ 'ਚ ਕਰੀਬ 2 ਲੱਖ ਏਟੀਐਮ ਹਨ। ਜ਼ਿਆਦਾਤਰ ਏਟੀਐਮ ਅਜੇ ਵੀ ਕੰਮ ਨਹੀਂ ਕਰ ਰਹੇ ਹਨ।

ਆਰਬੀਆਈ ਮੁਤਾਬਕ ਤੁਸੀਂ ਬੈਂਕਾਂ ਤੋਂ ਇਲਾਵਾ ਏਟੀਐਮ, ਪੈਟਰੋਲ ਪੰਪਾਂ ਤੇ ਦੁਕਾਨਾਂ ਤੋਂ ਵੀ ਕੈਸ਼ ਲੈ ਸਕਦੇ ਹੋ, ਜਿੱਥੇ ਸਵੈਪ ਮਸ਼ੀਨ ਲੱਗੀ ਹੋਵੇ ਪਰ ਸਬੰਧਤ ਅਦਾਰੇ ਕੋਲ ਪੈਸਾ ਹੋਣਾ ਚਾਹੀਦਾ ਹੈ। ਇਹ ਸਹੂਲਤ ਵੀ ਅਜੇ ਪੂਰੇ ਦੇਸ਼ 'ਚ ਉਪਲੱਬਧ ਨਹੀਂ ਹੈ। ਜਿਵੇਂ-ਜਿਵੇਂ ਦਿਨ ਵਧ ਰਹੇ ਹਨ ਬੈਂਕਾਂ ਤੇ ਏਟੀਐਮ ਦੇ ਬਾਹਰ ਲੋਕਾਂ ਦੀਆਂ ਲਾਈਨਾਂ ਵੀ ਘਟਣ ਲੱਗੀਆਂ ਹਨ। ਹਾਲਾਂਕਿ ਕਈ ਥਾਵਾਂ 'ਤੇ ਅਜੇ ਵੀ ਹਲਾਤ ਪਹਿਲਾਂ ਵਾਂਗ ਹੀ ਬਣੇ ਹੋਏ ਹਨ।