ਨਵੀਂ ਦਿੱਲੀ: ਬੀਜੇਪੀ ਸਾਂਸਦ ਸ਼ਤਰੂਘਨ ਸਿਨਹਾ ਨੇ ਨੋਟਬੰਦੀ ਤੋਂ ਬਾਅਦ ਦੇਸ਼ 'ਚ ਪੈਦਾ ਹੋਏ ਹਲਾਤਾਂ ਨੂੰ ਅਫਰਾ-ਤਫਰੀ ਵਾਲਾ ਦੱਸਿਆ ਹੈ। ਉਨ੍ਹਾਂ ਇਸ ਪੂਰੇ ਹਲਾਤ 'ਤੇ ਜਵਾਬਦੇਹੀ ਤੈਅ ਕੀਤੇ ਜਾਣ ਦੀ ਮੰਗ ਕੀਤੀ ਹੈ। ਕਿਉਂਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੇ ਨਿਰਾਸ਼ ਕੀਤਾ ਹੈ।
ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਨਹਾ ਨੇ ਕਾਲੇ ਧਨ 'ਤੇ ਰੋਕ ਲਗਾਉਣ ਦੇ 'ਹੌਂਸਲੇ, ਬੁੱਧੀਮਾਨੀ ਨਾਲ ਤੇ ਸਹੀ ਸਮੇਂ 'ਤੇ ਚੁੱਕੇ ਗਏ ਕਦਮ' ਲਈ 'ਉਤਸ਼ਾਹੀ, ਊਰਜਾ ਵਾਲੇ ਤੇ ਐਕਸ਼ਨ ਹੀਰੋ' ਮੋਦੀ ਦੀ ਤਾਰੀਫ ਕੀਤੀ। ਪਰ ਨੋਟਬੰਦੀ ਨੂੰ ਗਲਤੀਆਂ ਭਰੇ ਤਰੀਕੇ ਨਾਲ ਲਾਗੂ ਕੀਤੇ ਜਾਣ ਨੂੰ ਲੈ ਕੇ ਸਰਕਾਰ ਨੂੰ ਜਿੰਮੇਵਾਰ ਵੀ ਠਹਿਰਾਇਆ।
ਉਨ੍ਹਾਂ ਤੈਅ ਸੀਮਾਂ ਤੋਂ ਵੱਧ ਰੁਪਏ ਕਢਵਾਉਣ 'ਤੇ ਲੱਗੀ ਰੋਕ 'ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ, "ਲੋਕਾਂ ਨੂੰ ਆਪਣਾ ਹੀ ਪੈਸਾ ਕਢਵਾਉਣ ਤੋਂ ਰੋਕਿਆ ਜਾ ਰਿਹਾ ਹੈ।" ਉਨ੍ਹਾਂ ਹੈਰਾਨ ਹੋ ਕੇ ਪੁੱਛਿਆ, "ਇਹ ਕਿਸ ਤਰਾਂ ਦਾ ਨਾਟਕ ਹੈ ?" ਸ਼ਤਰੂਘਨ ਸਿਨਹਾ ਨੇ ਕਾਲੇ ਧਨ ਖਿਲਾਫ ਨੋਟਬੰਦੀ ਨੂੰ ਇੱਕ ਸਰਜੀਕਲ ਸਟ੍ਰਾਈਕ ਦੱਸੇ ਜਾਣ ਦੇ ਦਾਅਵਿਆਂ ਨੂੰ ਵੀ ਕਰੜੇ ਹੱਥੀਂ ਲੈਂਦਿਆ ਕਿਹਾ ਕਿ, "ਸਰਕਾਰ ਦੀ ਟੀਮ ਨੂੰ ਆਪਣਾ ਹੋਮਵਰਕ ਕਰਨਾ ਚਾਹੀਦਾ ਸੀ। ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਉਨ੍ਹਾਂ ਦੀ ਜਿੰਮੇਵਾਰੀ ਹੈ ਕਿ ਉਹ ਸਰਜੀਕਲ ਸਟ੍ਰਾਈਕ ਦੇ ਬਾਅਦ ਦੇ ਹਲਾਤਾਂ ਦੀ ਵੀ ਖਬਰ ਲੈਣ।"