ਪਟਨਾ: ਬਿਹਾਰ ਦੇ ਬਾਹੂਬਲੀ ਲੀਡਰ ਤੇ ਕਤਲ ਕੇਸ 'ਚ ਜ਼ਮਾਨਤ 'ਤੇ ਛੁੱਟੇ ਸ਼ਹਾਬੁਦੀਨ ਦੀ ਜ਼ਮਾਨਤ ਅਰਜੀ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਫਿਲਹਾਲ ਮਾਮਲੇ ਦੀ ਸੁਣਵਾਈ 28 ਸਤੰਬਰ ਤੱਕ ਟਲ ਗਈ ਹੈ। ਜ਼ਮਾਨਤ ਰੱਦ ਹੋਣ 'ਤੇ ਸ਼ਹਾਬੁਦੀਨ ਨੂੰ ਫਿਰ ਜੇਲ ਜਾਣਾ ਪੈ ਸਕਦਾ ਹੈ। ਇਸ ਤੋਂ ਪਹਿਲਾਂ ਮਾਮਲੇ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੁੱਛਿਆ ਸੀ ਕਿ "ਕਿਉਂ ਨਾ ਹਾਈਕੋਰਟ ਦੇ ਹੁਕਮ 'ਤੇ ਰੋਕ ਲਗਾ ਦਿੱਤੀ ਜਾਵੇ।"
ਸ਼ਹਾਬੁਦੀਨ ਦੇ ਕਾਰਨ ਆਪਣੇ ਪੁੱਤਾਂ ਨੂੰ ਗਵਾਉਣ ਵਾਲੇ ਚੰਦਰਕੇਸ਼ਵਰ ਪ੍ਰਸਾਦ ਉਰਫ ਚੰਦਾ ਬਾਬੂ ਤੇ ਬਿਹਾਰ ਸਰਕਾਰ ਵੱਲੋਂ ਦਾਇਰ ਅਪੀਲ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਇਹ ਸਵਾਲ ਕੀਤਾ ਹੈ। ਸ਼ਹਾਬੁਦੀਨ 'ਤੇ ਤੇਜਾਬ ਕਾਂਡ 'ਚ ਮਾਰੇ ਗਏ ਦੋ ਭਰਾਵਾਂ ਦੇ ਕਤਲ ਦੇ ਗਵਾਹ ਭਰਾ ਰਾਜੀਵ ਦੇ ਕਤਲ ਦਾ ਇਲਜ਼ਾਮ ਹੈ। ਗਿਰੀਸ਼ ਤੇ ਸਤੀਸ਼ ਦੇ ਕਤਲ ਮਾਮਲੇ 'ਚ ਸ਼ਹਾਬੁਦੀਨ ਨੂੰ ਦੋਸ਼ੀ ਠਹਿਰਾਉਂਦਿਆਂ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਪਰ ਇਸ ਸਾਲ ਮਾਰਚ 'ਚ ਹਾਈਕੋਰਟ ਨੇ ਉਸ ਦੇ 10 ਸਾਲ ਤੋਂ ਵੀ ਜਿਆਦਾ ਸਮਾਂ ਜੇਲ 'ਚ ਬਿਤਾਉਣ ਦੇ ਅਧਾਰ 'ਤੇ ਜ਼ਮਾਨਤ ਦੇ ਦਿੱਤੀ ਸੀ।
ਰਾਜੀਵ ਦੇ ਕਤਲ ਦਾ ਮੁਕੱਦਮਾ ਅਜੇ ਸ਼ੁਰੂ ਨਹੀਂ ਹੋ ਸਕਿਆ ਹੈ। ਮੁਕੱਦਮਾ ਸ਼ੁਰੂ ਹੋਣ 'ਚ ਹੋ ਰਹੀ ਦੇਰੀ ਨੂੰ ਅਧਾਰ ਬਣਾ ਕੇ ਹਾਈਕੋਰਟ ਨੇ 7 ਸਤੰਬਰ ਨੂੰ ਸ਼ਹਾਬੁਦੀਨ ਨੂੰ ਜ਼ਮਾਨਚਤ ਦੇ ਦਿੱਤੀ। ਇਸ ਤਰਾਂ ਕਰੀਬ 11 ਸਾਲ ਜੇਲ੍ਹ 'ਚ ਬੰਦ ਆਰਜੇਡੀ ਲੀਡਰ ਦੇ ਬਾਹਰ ਆਉਣ ਦਾ ਰਾਸਤਾ ਸਾਫ ਹੋ ਗਿਆ ਸੀ।