ਪਟਨਾ: ਸੀਵਾਨ ਦੇ ਤੇਜ਼ਾਬ ਕਾਂਡ ਦੇ ਮੁੱਖ ਗਵਾਹ ਦੇ ਕਤਲ ਦੇ ਮਾਮਲੇ ‘ਚ ਸ਼ਹਾਬੂਦੀਨ ਨੂੰ ਜ਼ਮਾਨਤ ਮਿਲੀ ਹੈ। ਸ਼ਹਾਬੂਦੀਨ ਦੇ ਜੇਲ੍ਹ ‘ਚੋਂ ਬਾਹਰ ਆਉਣ ਦੀ ਖਬਰ ‘ਤੇ ਹੀ ਸੀਵਾਨ ‘ਚ ਸਹਿਮ ਬਣ ਗਿਆ ਹੈ। ਅਜਿਹੇ ‘ਚ ਤੇਜ਼ਾਬ ਕਾਂਡ ਦੀ ਕਹਾਣੀ ਇੱਕ ਵਾਰ ਫਿਰ ਤਾਜ਼ਾ ਹੋ ਗਈ ਹੈ। ਤੇਜਾਬ ਦੇ ਤਲਾਬ ‘ਚ ਜਿਉਂਦਾ ਵਿਅਕਤੀ, ਬਰਹਿਮੀ ਦੀ ਅਜਿਹੀਆਂ ਤਸਵੀਰਾਂ ਤੁਸੀਂ ਸਿਰਫ ਫਿਲਮਾਂ ‘ਚ ਹੀ ਦੇਖੀਆਂ ਹੋਣਗੀਆਂ।

 

 

 

 

ਦਰਅਸਲ ਮਾਮਲਾ ਸਾਲ 2004 ਦਾ ਹੈ। ਆਜ਼ਾਦੀ ਦਾ ਜਸ਼ਨ ਅਜੇ ਖਤਮ ਹੋਇਆ ਹੀ ਸੀ। ਅਗਲੇ ਦਿਨ 16 ਅਗਸਤ ਨੂੰ ਦੋ ਲੱਖ ਰੁਪਏ ਰੰਗਦਾਰੀ ਦੇਣ ਤੋਂ ਇਨਕਾਰ ਕਰਨ ‘ਤੇ ਸੀਵਾਨ ਦੇ ਕਾਰੋਬਾਰੀ ਚੰਦਰਕੇਸ਼ਵਰ ਸਿੰਘ ਦੇ ਦੋ ਲੜਕਿਆਂ ਗਿਰੀਸ਼ ਤੇ ਸਤੀਸ਼ ਦਾ ਤੇਜ਼ਾਬ ਪਾ ਕੇ ਕਤਲ ਕਰ ਦਿੱਤਾ ਗਿਆ ਸੀ। ਚੰਦਰ ਸ਼ਹਿਰ ਦਾ ਵੱਡਾ ਵਪਾਰੀ ਸੀ ਪਰ ਰੰਗਦਾਰੀ ਦੇਣ ਤੋਂ ਇਨਕਾਰ ਕਰਨ ‘ਤੇ ਸਤੀਸ਼ ਤੇ ਗਿਰੀਸ਼ ਨੂੰ ਚੁੱਕ ਲਿਆ ਗਿਆ ਸੀ। ਪਰਿਵਾਰ ਮੁਤਾਬਕ ਬਾਅਦ ‘ਚ ਦੋਵਾਂ ਨੂੰ ਤੇਜ਼ਾਬ ਨਾਲ ਨਹਾਇਆ ਗਿਆ ਸੀ।

 

 

 

 

ਦਰਿੰਦਗੀ ਦੀ ਹੱਦ ਇੱਥੇ ਹੀ ਖਤਮ ਨਹੀਂ ਹੋਈ ਸੀ। ਦੋਵਾਂ ਦੇ ਟੋਟੇ ਕਰਕੇ ਉੱਪਰ ਨਮਕ ਰਗੜ ਦਿੱਤਾ ਗਿਆ। ਪਰਿਵਾਰ ਨੂੰ ਦੋਵਾਂ ਦੀਆਂ ਲਾਸ਼ਾਂ ਤੱਕ ਨਹੀਂ ਮਿਲੀਆਂ ਸਨ। ਮ੍ਰਿਤਕਾਂ ਦੀ ਮਾਂ ਕਲਾਵਤੀ ਮੁਤਾਬਕ ਇਸ ਬੇਰਹਿਮੀ ਵਾਲੇ ਕਾਰੇ ਦਾ ਗਵਾਹ ਸੀ ਰਾਜੀਵ ਰੰਜਨ ਜਿਸ ਦਾ 2014 ‘ਚ ਕਤਲ ਕਰ ਦਿੱਤਾ ਗਿਆ।

 

 

 

 

ਪਰਿਵਾਰ ਲੰਮੇ ਅਰਸੇ ਤੋਂ ਇਨਸਾਫ ਲਈ ਲੜਾਈ ਲੜ ਰਿਹਾ ਹੈ ਪਰ ਸ਼ਹਾਬੂਦੀਨ ਦੇ ਬਾਹਰ ਆਉਣ ‘ਤੇ ਪਰਿਵਾਰ ਨੂੰ ਇਨਸਾਫ ਦੀ ਉਮੀਦ ਟੁੱਟਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਮਾਮਲੇ ‘ਚ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਉਣ ਦੀ ਗੱਲ ਕਹੀ ਹੈ। ਸਰਕਾਰ ਨੇ ਵੀ ਇਸ ਮਾਮਲੇ ‘ਚ ਦੋਬਾਰਾ ਪਰਖ ਕਰਨ ਦੀ ਦਲੀਲ ਦਿੱਤੀ ਹੈ।