ਕਰਨਾਲ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵਿਧਾਨ ਸਭਾ ਖੇਤਰ 'ਚ ਕਾਨੂੰਨ ਟੰਗਿਆ ਗਿਆ ਛਿੱਕੇ। ਸ਼ਹਿਰ ਦੇ ਇੱਕ ਮੈਰਿਜ ਪੈਲੇਸ 'ਚ ਸਾਧਵੀ ਦਾ ਤਾਂਡਵ ਦੇਖ ਦਹਿਸ਼ਤ ਦਾ ਮਾਹੌਲ ਸੀ। ਇੱਥੇ ਕੱਲ੍ਹ ਸਾਧਵੀ ਦੇਵਾ ਠਾਕੁਰ ਨੇ ਹੱਥ 'ਚ ਰਿਵਾਲਵਰ ਚੱਕ ਸਾਥੀਆਂ ਸਮੇਤ ਖੂਬ ਗੋਲੀਬਾਰੀ ਕੀਤੀ। ਦੇਵਾ ਫਾਉਂਡੇਸ਼ਨ ਦੀ ਪ੍ਰਧਾਨ ਸਾਧਵੀ ਦੇਵਾ ਠਾਕੁਰ ਤੇ ਉਸਦੇ ਆਲੇ ਦੁਆਲੇ ਅਤੇ ਸਟੇਜ 'ਤੇ ਚੜ੍ਹੇ ਉਸਦੇ ਨਿੱਜੀ ਸੁਰੱਖਿਆ ਮੁਲਾਜ਼ਮਾਂ ਦੀ ਫਾਇਰਿੰਗ 'ਚ ਇੱਕ ਮਹਿਲਾ ਦੀ ਮੌਤ ਹੋ ਗਈ। ਜਦਕਿ ਕਈ ਜਖਮੀ ਹਨ। ਇਸ ਵਾਰਦਾਤ ਨੂੰ ਅੰਜਾਮ ਦੇ ਜਸ਼ਨ ਦੇ ਰੰਗ 'ਚ ਭੰਗ ਪਾਉਣ ਤੋਂ ਬਾਅਦ ਸਾਧਵੀ ਤੇ ਉਸਦੇ ਚੇਲੇ ਫਰਾਰ ਹੋ ਗਏ ਹਨ। ਪੁਲਿਸ ਨੇ ਮਾਮਲਾ ਦਰਜ ਕਰ ਇਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦਹਿਸ਼ਤ ਫੈਲਾਉਣ ਵਾਲੀਆਂ ਤਸਵੀਰਾਂ ਸ਼ਹਿਰ ਦੇ ਸਾਵਿਤਰੀ ਪੈਲੇਸ ਤੋਂ ਆਈਆਂ ਹਨ। ਇੱਥੇ ਇੱਕ ਵਿਆਹ ਸਮਾਗਮ 'ਚ ਸਭ ਕੁੱਝ ਠੀਕ ਠਾਕ ਚੱਲ ਰਿਹਾ ਸੀ। ਡੀਜੇ ਵੱਲੋਂ ਵਜਾਏ ਜਾਂਦੇ ਗਾਣਿਆਂ 'ਤੇ ਰਿਸ਼ਤੇਦਾਰ ਤੇ ਦੋਸਤ ਥਿਰਕ ਰਹੇ ਸਨ। ਅਚਾਨਕ ਇੱਥੇ ਸਾਧਵੀ ਦੇਵਾ ਠਾਕੁਰ ਦੀ ਐਂਟਰੀ ਹੁੰਦੀ ਹੈ। ਉਸ ਦੇ ਨਾਲ ਅੱਧਾ ਦਰਜਨ ਤੋਂ ਵੱਧ ਸਿਕਿਉਰਿਟੀ ਗਾਰਡ ਵੀ ਸਨ। ਬਾਕੀਆਂ ਦੇ ਹੱਥ 'ਚ ਦੁਨਾਲੀਆਂ ਤੇ ਦੇਵਾ ਠਾਕੁਰ ਦੇ ਹੱਥ 'ਚ ਰਿਵਾਲਵਰ ਸੀ। ਪੰਜਾਬੀ ਗਾਣਾ ਜਿਵੇਂ ਹੀ ਵੱਜਿਆ, ਬੀਟ ਦੇ ਨਾਲ ਨਾਲ ਗੋਲੀਆਂ ਚੱਲਣ ਦੀ ਰਫਤਾਰ ਵੀ ਤੇਜ਼ ਹੋ ਗਈ। ਸਾਧਵੀ ਨੇ ਆਪਣੇ ਰਿਵਾਲਵਰ ਨੂੰ ਹਵਾ 'ਚ ਤਾਣ ਕੇ ਕਈ ਫਾਇਰ ਕੀਤੇ। ਕੁੱਝ ਦੇਰ ਬਾਅਦ ਫਾਇਰ ਮਿਸ ਹੋਣ ਲੱਗੇ। ਸਾਧਵੀ ਦੇ ਸਿਕਿਊਰਿਟੀ ਗਾਰਡ ਨੇ ਉਸ ਦੇ ਹੱਥ 'ਚ ਦੁਨਾਲੀ ਫੜਾ ਦਿੱਤੀ। ਫਿਰ ਕੀ ਸੀ, ਸਾਧਵੀ ਦਾ ਸਾਦਾਪਨ ਚੰਬਲ ਦੇ ਕਿਸੇ ਡਾਕੂ 'ਚ ਤਬਦੀਲ ਹੋਣ ਲੱਗਾ। ਗਾਣਾ ਚੱਲਦਾ ਰਿਹਾ ਤੇ ਫਾਇਰ ਹੁੰਦੇ ਰਹੇ। ਇਸ ਦੌਰਾਨ ਤਰੀਬਨ 100 ਫਾਇਰ ਕੀਤੇ ਗਏ। ਸਟੇਜ 'ਚ ਚੜ੍ਹੇ ਸਾਧਵੀ ਦੇ ਚੇਲਿਆਂ ਦਾ ਹੌਂਸਲਾ ਵਧਦਾ ਹੀ ਜਾ ਰਿਹਾ ਸੀ। ਪਰ ਅਚਾਨਕ ਇੱਕ ਫਾਇਰ ਨੇ ਸਾਰੀ ਮਸਤੀ ਉਤਾਰ ਦਿੱਤੀ। ਸਟੇਜ 'ਤੇ ਫਾਇਰਿੰਗ ਕਰ ਰਹੇ ਚਿੱਟੇ ਰੰਗ ਦੀ ਸ਼ਰਟ ਪਾਏ ਸ਼ਖਸ ਨੇ ਇੱਕ ਫਾਇਰ ਪਬਲਿਕ ਵੱਲ ਕਰ ਦਿੱਤਾ। ਫਾਇਰ ਕਰਨ ਤੋਂ ਬਾਅਦ ਇਹ ਕਿੱਧਰ ਤੇ ਕਿਸ ਵੱਲ ਗਿਆ, ਇਸ ਗੱਲ ਤੋਂ ਅਨਜਾਣ ਇਹ ਸ਼ਖਸ ਦੂਜਾ ਫਾਇਰ ਕਰਨ 'ਚ ਮਸ਼ਗੂਲ ਸੀ। ਪਰ ਅਚਾਨਕ ਹਫੜਾ ਦਫੜੀ ਮੱਚੀ। ਪਤਾ ਲੱਗਿਆ ਕਿ ਗੋਲੀਆਂ ਚਾਰ ਲੋਕਾਂ ਨੂੰ ਲੱਗੀਆਂ ਹਨ। ਇਸ ਫਾਇਰਿੰਗ 'ਚ ਇੱਕ ਔਰਤ ਦੀ ਮੌਤ ਹੋ ਗਈ, ਜਦਕਿ ਤਿੰਨ ਔਰਤਾਂ ਜ਼ਖਮੀ ਹੋ ਗਈਆਂ। ਜਸ਼ਨ ਦੇ ਰੰਗ 'ਚ ਭੰਗ ਪਿਆ ਤਾਂ ਪੈਲੇਸ 'ਚ ਸਨਸਨੀ ਫੈਲ ਗਈ। ਸਾਧਵੀ ਤੇ ਉਸਦੇ ਸੁਰੱਖਿਆ ਗਾਰਡ ਨੌਂ ਦੋ ਗਿਆਰਾਂ ਹੋ ਗਏ। ਪੁਲਿਸ ਮੌਕੇ 'ਤੇ ਪਹੁੰਚੀ, ਗੋਲੀਆਂ ਦੇ ਖੋਲ ਇੱਕਠੇ ਕੀਤੇ ਗਏ। ਸਾਧਵੀ ਤੇ ਉਸਦੇ ਸਾਥੀਆਂ ਖਿਲਾਫ ਕਤਲ ਤੇ ਆਰਮਜ਼ ਐਕਟ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਸਾਧਵੀ ਸਮੇਤ ਸਾਰੇ ਮੁਲਜ਼ਮ ਫਰਾਰ ਹਨ। ਪੁਲਿਸ ਨੇ ਇਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।