ਚੰਡੀਗੜ੍ਹ: ਪ੍ਰਯਾਗਰਾਜ ਵਿੱਚ ਇਸ ਵੇਲੇ ਜ਼ੋਰਾਂ-ਸ਼ੋਰਾਂ ਨਾਲ ਕੁੰਭ ਮੇਲਾ ਚੱਲ ਰਿਹਾ ਹੈ। ਇਸ ਦੌਰਾਨ ਕਈ ਨੌਜਵਾਨ ਨਾਗਾ ਸਾਧੂ ਬਣੇ ਹਨ। ਬੀਤੇ ਹਫ਼ਤੇ ਹੋਏ ਦੀਕਸ਼ਾ ਸਮਾਗਮ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਆਪਣੇ ਕੇਸ ਤਿਆਗ ਦਿੱਤੇ ਤੇ ਖ਼ੁਦ ਦਾ ਪਿੰਡ ਦਾਨ ਕੀਤਾ। ਰਾਤ ਭਰ ਚੱਲੀ ਅਗਨੀ ਪੂਜਾ ਦੇ ਬਾਅਦ ਇਹ ਸਾਰੇ ਪ੍ਰਾਚੀਨ ਪ੍ਰੰਪਰਾ ਮੁਤਾਬਕ ਨਾਗਾ ਸਾਧੂ ਬਣੇ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਲੋਕਾਂ ਵਿੱਚ ਵੱਡੀ ਗਿਣਤੀ ਇੰਜਨੀਅਰਿੰਗ ਤੇ ਮੈਨੇਜਮੈਂਟ ਦੇ ਪਾੜ੍ਹੇ ਵੀ ਸ਼ਾਮਲ ਹਨ। ਇਸ ਸਖ਼ਤ ਜੀਵਨ ਲਈ 10 ਹਜ਼ਾਰ ਪੁਰਸ਼ਾਂ ਤੇ ਮਹਿਲਾਵਾਂ ਨੇ ਦੀਕਸ਼ਾ ਲਈ।
ਸੋਮਵਾਰ ਨੂੰ ਇਨ੍ਹਾਂ ਸਾਰਿਆਂ ਨੇ ਮੌਨੀ ਮੱਸਿਆ ਦੇ ਮੌਕੇ ’ਤੇ ਸ਼ਾਹੀ ਡੁਬਕੀ ਲਾਈ। ਸੰਤਾਂ ਤੇ ਮਹਾਂਮੰਡਲੇਸ਼ਵਰਾਂ ਦੀ ਮਦਦ ਨਾਲ ਨਵੇਂ ਬਣੇ ਨਾਗਾ ਸੰਨਿਆਸੀਆਂ ਵਿੱਚ ਡੁਬਕੀ ਲਾਉਣ ਲਈ ਜ਼ਿਆਦਾ ਉਤਸੁਕਤਾ ਸੀ। ਨਾਗਾ ਸੰਨਿਆਸੀਆਂ ਨੇ ਧੂਣੇ ਦੇ ਸਾਹਮਣੇ ਬੈਠ ਕੇ ਓਮ ਮਨੋ ਸ਼ਿਵਾਏ ਦਾ ਜਾਪ ਕਰਦਿਆਂ ਪਵਿੱਤਰ ਭਭੂਤੀ ਤਿਆਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਗੁਰੂ ਮੰਤਰ ਦਾ ਵੀ ਜਾਪ ਕੀਤਾ।
ਇਸ ਸਖ਼ਤ ਜੀਵਨ ਲਈ ਕਰੀਬ 10 ਹਜ਼ਾਰ ਮਹਿਲਾਵਾਂ ਤੇ ਪੁਰਸ਼ਾਂ ਨੇ ਦੀਕਸ਼ਾ ਲਈ ਹੈ। ਇਹ ਸਾਰੇ ਅਖਿਲ ਭਾਰਤੀ ਅਖਾੜਾ ਪਰਿਸ਼ਦ (ਏਬੀਏਪੀ) ਨੇ ਅਧੀਨ ਨਾਗਾ ਸਾਧੂ ਬਣੇ। ਇਹ ਪਰਿਸ਼ਦ ਭਾਰਤ ਵਿੱਚ ਹਿੰਦੂ ਸੰਤਾਂ ਤੇ ਸਾਧੂਆਂ ਦਾ ਸਭ ਤੋਂ ਉੱਚਾ ਸੰਗਠਨ ਹੈ। ਦੱਸਿਆ ਜਾਂਦਾ ਹੈ ਕਿ ਕਈ ਮੁਸਲਿਮ, ਈਸਾਈ ਤੇ ਹੋਰ ਧਰਮਾਂ ਦੇ ਲੋਕ ਵੀ ਨਾਗਾ ਸਾਧੂ ਬਣਨ ਲਈ ਸਵੀਕਾਰੇ ਗਏ ਹਨ। ਇਨ੍ਹਾਂ ਵਿੱਚੋਂ ਕੁਝ ਲੋਕ ਪਹਿਲਾਂ ਡਾਕਟਰ ਤੇ ਇੰਜਨੀਅਰ ਰਹਿ ਚੁੱਕੇ ਹਨ।