ਵਾਸ਼ਿੰਗਟਨ: ਜਾਅਲੀ ਯੂਨੀਵਰਸਿਟੀਜ਼ ਦੀ ਮਦਦ ਨਾਲ ਭੁਗਤਾਨ ਕਰੋ ਤੇ ਅਮਰੀਕਾ 'ਚ ਰਹੋ (Pay to Stay) ਸਟਿੰਗ ਆਪ੍ਰੇਸ਼ਨ ਤਹਿਤ ਹਾਲੇ ਤਕ ਗ੍ਰਿਫ਼ਤਾਰ ਕੀਤੇ ਗਏ 130 ਵਿਦਿਆਰਥੀਆਂ ਵਿੱਚ ਸਿਰਫ ਸਿਵਲ ਇੰਮੀਗ੍ਰੇਸ਼ਨ ਦੇ ਇਲਜ਼ਾਮਾਂ ਦਾ ਸਾਹਮਣਾ ਕਰਨਾ ਹੋਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਵਿੱਚੋਂ 129 ਵਿਦਿਆਰਥੀ ਭਾਰਤੀ ਹਨ।

ਪ੍ਰਵਾਸ ਤੇ ਕਸਟਮ (ਆਈਸੀਈ) ਬੁਲਾਰੇ ਕਰਿਸਾ ਕੁਟਰੈਲ ਨੇ ਦੱਸਿਆ ਕਿ ਜੋ ਵਿਦਿਆਰਥੀ ਇਸ ਘਪਲੇ ਵਿੱਚ ਇਸ ਦੇ ਵਿੱਦਿਅਕ ਪ੍ਰੋਗਰਾਮ ਨਾ ਹੋਣ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਵੀ ਸ਼ਾਮਲ ਹੋਏ, ਉਨ੍ਹਾਂ ਨੂੰ ਆਪਣੇ ਮੂਲ ਦੇਸ਼ ਵਾਪਸ ਜਾਣਾ ਪਵੇਗਾ। ਆਈਸੀਈ ਸੇਵਾ ਮੁਤਾਬਕ ਵਿਦਿਆਰਥੀਆਂ ਨੂੰ ਦਾਖ਼ਲ ਕਰਨ ਵਾਲਿਆਂ ਵਜੋਂ ਕਥਿਤ ਤੌਰ 'ਤੇ ਘੁਟਾਲਾ ਕਰਨ ਵਾਲੇ ਅੱਠ ਲੋਕਾਂ ਨੂੰ ਵੀਜ਼ਾ ਧੋਖਾਧੜੀ ਤੇ ਲਾਭ ਲਈ ਦੂਜੇ ਦੇਸ਼ਾਂ ਵਿੱਚ ਸ਼ਰਨ ਦਿਵਾਉਣ ਦੀ ਸਾਜ਼ਿਸ਼ ਰਚਨ ਦੇ ਅਪਰਾਧਿਕ ਜੁਰਮਾਂ ਤੇ ਪੰਜ ਸਾਲ ਦੀ ਸਜ਼ਾ ਦਾ ਸਾਹਮਣਾ ਕਰਨਾ ਹੋਵੇਗਾ।


ਇਸ ਮਾਮਲੇ ਵਿੱਚ ਭਾਰਤੀ ਵਿਦੇਸ਼ ਮੰਤਰਾਲਾ ਦੇ ਅਧਿਕਾਰੀ ਰਵੀਸ਼ ਕੁਮਾਰ ਨੇ ਹਿਰਾਸਤ ਵਿੱਚ ਲਏ ਭਾਰਤੀ ਵਿਦਿਆਰਥੀਆਂ ਲਈ ਹੈਲਪਲਾਈਨ ਨੰਬਰ ਜਾਰੀ ਕਰਨ ਦੀ ਸੂਚਨਾ ਟਵੀਟ ਕਰ ਦਿੱਤੀ ਹੈ। ਫੈਡਰਲ ਵਕੀਲਾਂ ਮੁਤਾਬਕ ਤਕਰੀਬਨ 600 ਵਿਦਿਆਰਥੀਆਂ ਨੇ ਫਰਜ਼ੀ ਬਣਾਈ ਗਈ ਫਾਰਮਿੰਗਟਨ ਯੂਨੀਵਰਸਿਟੀ ਵਿੱਚ ਦਾਖ਼ਲਾ ਲਿਆ ਸੀ। ਇਹ ਯੂਨੀਵਰਸਿਟੀ ਅਮਰੀਕੀ ਪ੍ਰਵਾਸ ਅਧਿਕਾਰੀਆਂ ਨੇ ਵੀਜ਼ਾ ਮਿਆਦ ਪੁੱਗਣ ਦੇ ਬਾਵਜੂਦ ਦੇਸ਼ ਵਿੱਚ ਰਹਿ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਫੜਨ ਲਈ ਬਣਾਇਆ ਸੀ।

ਅਧਿਕਾਰੀਆਂ ਨੇ ਇਸ ਨੂੰ ਪੇ ਟੂ ਸਟੇਅ ਘਪਲਾ ਕਰਾਰ ਦਿੱਤਾ ਸੀ, ਜੋ ਵਿਦੇਸ਼ੀ ਵਿਦਿਆਰਥੀਆਂ ਨੂੰ ਬਗ਼ੈਰ ਕਲਾਸਾਂ ਲਗਾਏ ਅਮਰੀਕਾ ਵਿੱਚ ਰਹਿਣ ਦੀ ਖੁੱਲ੍ਹ ਦਿੰਦਾ ਸੀ। ਇਸ ਮਾਮਲੇ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਲਈ ਭਾਰਤੀ ਰਾਜਦੂਤ ਹਰਸ਼ਵਰਧਨ ਸ਼੍ਰਿੰਗਲਾ ਤੇ ਹੋਰ ਸੰਸਥਾਵਾਂ ਕਾਨੂੰਨੀ ਚਾਰਾਜੋਈ ਕਰ ਰਹੀਆਂ ਹਨ।