ਇਸਲਾਮਾਬਾਦ: ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇ ਇਲਜ਼ਾਮ ਬਾਰੇ ਪਾਕਿਸਤਾਨ ਨੇ ਭਾਰਤ ‘ਤੇ ਨਿਸ਼ਾਨਾ ਸਾਧਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਭਾਰਤ ਨੂੰ ਆਪਣੀਆਂ ਸਮੱਸਿਆਵਾਂ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਣਾ ਬੰਦ ਕਰ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪਾਕਿ ਦਾ ਭਾਰਤ ਦੇ ਅੰਦਰੂਨੀ ਮਾਮਲਿਆਂ ‘ਚ ਦਖ਼ਲੰਦਾਜ਼ੀ ਕਰਨ ਦਾ ਕੋਈ ਇਰਾਦਾ ਨਹੀਂ। ਪਾਕਿਸਤਾਨੀ ਅਖ਼ਬਾਰ ‘ਦ ਡਾਨ ਨਿਊਜ਼’ ਦੀ ਖ਼ਬਰ ਮੁਤਾਬਕ ਮੰਤਰੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਕਸ਼ਮੀਰੀ ਹੁਰੀਅਤ ਨੇਤਾ ਮੀਰਵਾਈਜ਼ ਉਮਰ ਫਾਰੁਖ ਨਾਲ ਟੈਲੀਫੋਨ ‘ਤੇ ਗੱਲ ਕਰ ਲਈ ਤਾਂ ਇਸ ‘ਚ ਇੰਨਾ ਮਸਲਾ ਖੜ੍ਹਾ ਨਹੀਂ ਕਰਨਾ ਚਾਹੀਦਾ।
ਕੁਰੈਸ਼ੀ ਨੇ 29 ਜਨਵਰੀ ਨੂੰ ਮੀਰਵਾਈਜ਼ ਨਾਲ ‘ਜੰਮੂ ਤੇ ਕਸ਼ਮੀਰ ‘ਚ ਭਾਰਤ ਦੇ ਮਨੁੱਖੀ ਅਧਿਕਾਰ ਦੇ ਉਲੰਘਣ’ ਨੂੰ ਸਾਹਮਣੇ ਲਿਆਉਣ ਲਈ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਬਾਰੇ ਦੱਸਣ ਲਈ ਫੋਨ ‘ਤੇ ਗੱਲ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਬ੍ਰਿਟੇਨ ਦੇ ਹਾਊਸ ਆਫ ਕਾਮਨਸ ‘ਚ ਹੋਣ ਵਾਲੇ ਸੰਮੇਲਨ ਲਈ ਵੀ ਫੋਨ ‘ਤੇ ਸੱਦਾ ਦਿੱਤਾ ਸੀ।
ਉਨ੍ਹਾਂ ਕਿਹਾ, “ਜੇਕਰ ਕਸ਼ਮੀਰ ਮੁੱਦਾ ਉੱਠਦਾ ਹੈ ਤਾਂ ਭਾਰਤ ਨਾਰਾਜ਼ ਹੋ ਜਾਂਦਾ ਹੈ, ਜਦਕਿ ਤੱਥ ਇਹ ਹੈ ਕਿ ਇਸ ਮੁੱਦੇ ਨੂੰ ਸੁਲਝਾਇਆ ਜਾ ਸਕਦਾ ਹੈ।” ਕੁਰੈਸ਼ੀ ਨੇ ਕਿਹਾ ਕਿ ‘ਅੰਤਰਾਸ਼ਟਰੀ ਸਮਾਗਮ ‘ਚ ਪਾਕਿਸਤਾਨ ਦਾ ਨਜ਼ਰੀਆ ਪੇਸ਼ ਕਰਕੇ ਭਾਰਤ ਦੇ ਅਸਲ ਚਿਹਰੇ ਨੂੰ ਬੇਨਕਾਬ ਕੀਤਾ ਜਾ ਸਕਦਾ ਹੈ।”
ਉਨ੍ਹਾਂ ਕਿਹਾ ਕਿ ਭਾਰਤ ‘ਚ ਆਉਣ ਵਾਲੀਆਂ ਚੋਣਾਂ ‘ਚ ਕੋਈ ਵੀ ਪਾਰਟੀ ਜਿੱਤੇ ਪਰ ਪਾਕਿਸਤਾਨ ਨਵੀਂ ਸਰਕਾਰ ਦੇ ਚੰਗੇ ਵਰਤਾਅ ਦਾ ਉਸੇ ਤਰ੍ਹਾਂ ਜਵਾਬ ਦਵੇਗੀ। ਉਨ੍ਹਾਂ ਕਿਹਾ, “ਪਾਕਿਸਤਾਨ ਦੀ ਵਿਦੇਸ਼ ਨੀਤੀ ਦੇਸ਼ ਦੀ ਇੱਛਾ ਮੁਤਾਬਕ ਤੇ ਦੇਸ਼ ਦੇ ਹਿੱਤ ਲਈ ਹੋਵੇਗੀ।” ਫੋਨ ‘ਤੇ ਹੋਈ ਗੱਲਬਾਤ ਤੋਂ ਬਾਅਦ ਭਾਰਤ ਨੇ 30 ਜਨਵਰੀ ਨੂੰ ਪਾਕਿ ਤੋਂ ਜੰਮੂ ਤੇ ਕਸ਼ਮੀਰ ਮੁੱਦੇ ਤੋਂ ਦੂਰ ਰਹਿਣ ਲਈ ਕਿਹਾ ਸੀ।