ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਸ਼ਾਮ ਦਿੱਲੀ 'ਚ ਲਗਪਗ ਸੌ ਮਹਿਲਾ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ। ਕਰੀਬ ਦੋ ਘੰਟੇ ਚੱਲੀ ਇਸ ਮੁਲਾਕਾਤ 'ਚ ਰਾਹੁਲ ਨੇ ਖੁੱਲ੍ਹ ਕੇ ਗੱਲਬਾਤ ਕੀਤੀ ਤੇ ਮਹਿਲਾ ਪੱਤਰਕਾਰਾਂ ਦੇ ਕਈ ਸਵਾਲਾਂ ਦੇ ਜਵਾਬ ਵੀ ਦਿੱਤੇ। ਰਾਹੁਲ ਨੇ ਮਹਿਲਾ ਪੱਤਰਕਾਰਾਂ ਨਾਲ ਮੁੜ ਮੁਲਾਕਾਤ ਦਾ ਵਾਅਦਾ ਵੀ ਕੀਤਾ।
ਅਣਅਧਿਕਾਰਤ ਤੌਰ 'ਤੇ ਹੋਈ ਇਸ ਮੁਲਾਕਾਤ ਤੋਂ ਬਾਅਦ ਕੁਝ ਮਹਿਲਾ ਪੱਤਰਕਾਰਾਂ ਨੇ ਟਵੀਟ ਕਰਕੇ ਆਪਣਾ ਅਨੁਭਵ ਸਾਂਝਾ ਕਰਦਿਆਂ ਰਾਹੁਲ ਦੇ ਅੰਦਾਜ਼ ਦੀ ਪ੍ਰਸ਼ੰਸਾ ਕੀਤੀ। ਕੁਝ ਮਹਿਲਾ ਪੱਤਰਕਾਰਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਅਜਿਹੀ ਮੁਲਾਕਾਤ ਦੀ ਖ਼ਵਾਹਿਸ਼ ਜ਼ਾਹਰ ਕੀਤੀ। ਉਨ੍ਹਾਂ ਸ਼ਿਕਾਇਤ ਭਰੇ ਲਹਿਜ਼ੇ 'ਚ ਕਿਹਾ ਕਿ ਮੋਦੀ ਨੇ ਚਾਰ ਸਾਲਾਂ 'ਚ ਇੱਕ ਵੀ ਪ੍ਰੈੱਸ ਕਾਨਫਰੰਸ ਨਹੀਂ ਕੀਤੀ।
ਸੀਨੀਅਰ ਪੱਤਰਕਾਰ ਸ਼ੀਲਾ ਭੱਟ ਨੇ ਲਿਖਿਆ ਕਿ ਰਾਹੁਲ ਨਾਲ ਮੁਲਾਕਾਤ ਬੇਹੱਦ ਰੌਚਕ ਸੀ। 100 ਮਹਿਲਾ ਪੱਤਰਕਾਰਾਂ 'ਚੋਂ ਕਿਸੇ ਦੇ ਵੀ ਸਵਾਲ ਨੂੰ ਉਨ੍ਹਾਂ ਬਿਨਾਂ ਜਵਾਬ ਦਿੱਤੇ ਨਹੀਂ ਛੱਡਿਆ। ਕੁਝ ਪੱਤਰਕਾਰਾਂ ਨੇ ਕਿਹਾ ਕਿ ਇਸ ਮੁਲਾਕਾਤ 'ਚ ਖ਼ਬਰ ਬਣਨ ਲਾਇਕ ਕਈ ਗੱਲਾਂ ਸਨ ਪਰ ਅਫਸੋਸ ਇਹ ਆਫ-ਰਿਕਾਰਡ ਮੁਲਾਕਾਤ ਸੀ।
ਮਹਿਲਾ ਪੱਤਰਕਾਰਾਂ ਨੇ ਇਹ ਮੁਲਾਕਾਤ ਇਸ ਲਈ ਕੀਤੀ ਤਾਂ ਜੋ ਭਾਰਤੀ ਰਾਜਨੀਤੀ 'ਚ ਮਰਦ ਪ੍ਰਧਾਨ ਸੋਚ ਦੇ ਜ਼ਹਿਰ ਨੂੰ ਘੱਟ ਕੀਤਾ ਜਾ ਸਕੇ।