ਲਖਨਊ: ਨਾਗਰਿਕਤਾ ਸੋਧ ਕਾਨੂੰਨ ਖਿਲਾਫ ਯੂਪੀ ‘ਚ ਜਾਰੀ ਹਿੰਸਾ ‘ਚ ਮ੍ਰਿਤਕਾਂ ਦੀ ਗਿਣਤੀ ਵਧਕੇ 11 ਹੋ ਗਈ ਹੈ। ਪੁਲਿਸ ਨੇ 160 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫ਼ਤਾਰ ਕਤਿਾ ਹੈ। ਕਈ ਜ਼ਿਲ੍ਹਿਆਂ ‘ਚ ਇੰਟਰਨੈੱਟ ਸੇਵਾ ਬੰਦ ਹੈ ਅਤੇ ਪ੍ਰਸਾਸ਼ਨ ਹਿੰਸਾ ‘ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।

ਆਫੀਸ਼ੀਅਲ ਅੰਕੜਿਆਂ ਮੁਤਾਬਕ ਬਿਜਨੌਰ ‘ਚ 2, ਸੰਬਲ ‘ਚ ਦੋ, ਲਖਨਊ, ਕਾਨਪੁਰ, ਫਿਰੋਜ਼ਾਬਾਦ, ਮੇਰਠ ‘ਚ ਇੱਕ-ਇੱਕ ਮੌਤ ਹੋਈ ਹੈ। ਹਰ ਸੰਵੇਦਨਸ਼ੀਲ ਜ਼ਿਲ੍ਹੇ ‘ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਲਖਨਊ ਸਣੇ ਹੋਰਨਾਂ ਸ਼ਹਿਰਾਂ ‘ਚ ਪੁਲਿਸ ਤੋਂ ਇਲਾਵਾ ਪੈਰਾ ਮਿਲਟ੍ਰੀ ਦੇ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ। ਪੁਲਿਸ ਨੇ 160 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫ਼ਤਾਰ ਕਰ ਸੈਂਕੜਿਆਂ ਨੂੰ ਹਿਰਾਸਤ ‘ਚ ਲਿਆ ਹੈ। ਮੇਰਠ, ਭਦੋੜੀ, ਬਿਜਨੌਰ, ਕਾਨਪੁਰ, ਫ਼ਿਰੋਜ਼ਾਬਾਦ, ਮੁਰਾਦਾਬਾਦ, ਸੰਭਲ, ਅਮਰੋਹਾ ਅਤੇ ਸ਼ਾਮਲੀ ‘ਚ ਅਜੇ ਤਨਾਅ ਦੀ ਸਥਿਤੀ ਹੈ। ਜਦਕਿ ਗੋਰਖਪੁਰ, ਬੁਲੰਦਸ਼ਹਿਰ, ਸਹਾਰਨਪੁਰ, ਬਹਰਾਈਚ, ਹਾਥਰਸ ਅਤੇ ਮੁਜ਼ਫ਼ਰਨਗਰ ‘ਚ ਹਾਲਾਤ ਕਾਬੂ ‘ਚ ਦੱਸੇ ਜਾ ਰਹੇ ਹਨ।

ਮੇਰਠ ‘ਚ 24 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਗੋਰਖਪੁਰ ‘ਚ 22, ਭਦੋਹੀ ‘ਚ 27, ਬਿਜਨੌਰ ‘ਚ 32, ਕਾਨਪੁਰ ‘ਚ 40, ਫ਼ਿਰੋਜ਼ਾਬਾਦ ‘ਚ 9 ਅਤੇ ਮੁਜ਼ਫ਼ਰਨਗਰ ‘ਚ 24 ਗ੍ਰਿਫ਼ਤਾਰੀਆਂ ਹੋਇਆਂ ਹਨ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ‘ਚ ਇੰਟਰਨੈੱਟ ਸੇਵਾ ਅਜੇ ਵੀ ਬੰਦ ਹੈ। ਯੂਪੀ ਦੇ ਕਈ ਸ਼ਹਿਰਾਂ ‘ਚ ਇੰਟਰਨੈਟ ਸੇਵਾ ਬੰਦ ਕਰਨ ‘ਤੇ ਇਲਾਹਾਬਾਦ ਕੋਰਟ ਨੇ ਸਖ਼ਤ ਰੁਖ ਅਪਨਾਉਂਦੇ ਹੋਏ ਯੂਪੀ ਸਰਕਾਰ ਨੂੰ ਨੋਟਿਸ ਜਾਰੀ ਕਰ ਜਵਾਬ ਤਲਬ ਕਰ ਦਿੱਤਾ ਹੈ।