ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਾਂਗਰਸ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨਾਲ ਇਕਮੁੱਠਤਾ ਵਿੱਚ ਖੜੀ ਹੈ।ਸੋਨੀਆ ਗਾਂਧੀ ਨੇ ਕਿਹਾ ਕਿ ਲੋਕਤੰਤਰ ਵਿਚ ਲੋਕਾਂ ਨੂੰ ਸਰਕਾਰ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਹੁੰਦਾ ਹੈ।


ਸੋਨੀਆ ਗਾਂਧੀ ਨੇ ਬਿਆਨ ਦਿੰਦੇ ਕਿਹਾ "ਲੋਕਤੰਤਰ ਵਿੱਚ ਲੋਕਾਂ ਨੂੰ ਸਰਕਾਰ ਦੇ ਗਲਤ ਫੈਸਲਿਆਂ ਅਤੇ ਨੀਤੀਆਂ ਖਿਲਾਫ ਆਪਣੀ ਆਵਾਜ਼ ਚੁੱਕਣ ਅਤੇ ਆਪਣੀਆਂ ਚਿੰਤਾਵਾਂ ਦਰਜ ਕਰਨ ਦਾ ਅਧਿਕਾਰ ਹੈ। ਭਾਜਪਾ ਦੀ ਸਰਕਾਰ ਨੇ ਲੋਕਾਂ ਦੀਆਂ ਆਵਾਜ਼ਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਹੈ ਅਤੇ ਲੋਕਾਂ ਦੀ ਅਸਹਿਮਤੀ ਨੂੰ ਦਬਾਉਣ ਲਈ ਜ਼ਾਲਮ ਤਾਕਤ ਦੀ ਵਰਤੋਂ ਕੀਤੀ ਹੈ।"

ਸੋਨੀਆ ਗਾਂਧੀ ਨੇ ਕਿਹਾ ਨੇ ਦੇਸ਼ ਭਰ ਦੇ ਨੌਜਵਾਨਾਂ ਅਤੇ ਨਾਗਰਿਕਾਂ ਖਿਲਾਫ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਜ਼ੁਲਮ ਜ਼ਬਰ ‘ਤੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ।

ਉਨ੍ਹਾਂ ਕਿਹਾ, "ਭਾਜਪਾ ਸਰਕਾਰ ਦੀਆਂ ਵਿਭਾਜਨਵਾਦੀ ਏਜੰਡੇ ਅਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਦੇਸ਼ ਭਰ ਵਿੱਚ ਆਈਆਈਟੀ, ਆਈਆਈਐਮਜ਼ ਅਤੇ ਹੋਰ ਪ੍ਰਮੁੱਖ ਅਕਾਦਮਿਕ ਸੰਸਥਾਵਾਂ' ਤੇ ਲਗਾਤਾਰ ਵਿਰੋਧ ਪ੍ਰਦਰਸ਼ਨ ਹੋਏ ਹਨ। ਸਰਕਾਰਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਨਾਗਰਿਕਾਂ ਦੀ ਗੱਲ ਸੁਣਨ ਅਤੇ ਉਨ੍ਹਾਂ ਚਿੰਤਾਵਾਂ ਦਾ ਹੱਲ ਕਰਨ।" ਉਨ੍ਹਾਂ ਕਿਹਾ ਭਾਜਪਾ ਦੀ ਲੋਕਾਂ ਪ੍ਰਤੀ ਜ਼ਾਲਮ ਤਾਕਤ ਅਸਵੀਕਾਰਨਯੋਗ ਹੈ।

ਸੋਨੀਆ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਭਾਜਪਾ ਸਰਕਾਰ ਦੀਆਂ ਕਾਰਵਾਈਆਂ ਦੀ ਨਿੰਦਾ ਕਰਦੀ ਹੈ। "ਨਾਗਰਿਕਤਾ ਸੋਧ ਕਾਨੂੰਨ ਪੱਖਪਾਤੀ ਹੈ ਅਤੇ ਐਨਆਰਸੀ [ਰਾਸ਼ਟਰੀ ਰਜਿਸਟਰ ਆਫ ਸਿਟੀਜਨ] ਵਿਸ਼ੇਸ਼ ਤੌਰ 'ਤੇ ਗਰੀਬਾਂ ਅਤੇ ਕਮਜ਼ੋਰ ਲੋਕਾਂ ਨੂੰ ਦੁੱਖ ਦੇਵੇਗਾ।"

ਸੋਨੀਆ ਗਾਂਧੀ ਨੇ ਨੋਟਬੰਦੀ ਦੇ ਦੌਰਾਨ ਹੰਗਾਮੇ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਆਪਣੇ ਪੁਰਖਿਆਂ ਦੀ ਨਾਗਰਿਕਤਾ ਸਾਬਤ ਕਰਨ ਲਈ ਕਤਾਰ ਵਿੱਚ ਖੜੇ ਹੋਣਾ ਪਏਗਾ।

ਕਾਂਗਰਸ ਪ੍ਰਧਾਨ ਨੇ ਅੱਗੇ ਕਿਹਾ, ਕਾਂਗਰਸ ਲੋਕਾਂ ਦੇ ਬੁਨਿਆਦੀ ਅਧਿਕਾਰਾਂ ਦੀ ਰਾਖੀ ਕਰੇਗੀ ਅਤੇ ਭਾਰਤ ਦੇ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਦਾ ਸਮਰਥਨ ਕਰੇਗੀ।