11 ਸ਼ੇਰਾਂ ਦੀਆਂ ਲਾਸ਼ਾਂ ਮਿਲੀਆਂ, ਸਰਕਾਰ ਦਾ ਦਾਅਵਾ ਆਪਸ 'ਚ ਲੜ ਮਰੇ
ਏਬੀਪੀ ਸਾਂਝਾ | 21 Sep 2018 02:01 PM (IST)
ਸੰਕੇਤਕ ਤਸਵੀਰ
ਰਾਜਕੋਟ: ਗੁਜਰਾਤ ਦੇ ਗਿਰ ਜੰਗਲ ਵਿੱਚ 11 ਸ਼ੇਰਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਾਰੇ ਸ਼ੇਰਾਂ ਦੀਆਂ ਲਾਸ਼ਾਂ ਗਿਰ (ਪੂਰਬੀ) ਡਵੀਜ਼ਨ ਦੀ ਦਾਲਖਾਨੀਆ ਰੇਂਜ ਵਿੱਚੋਂ ਕੁਝ ਹੀ ਦਿਨਾਂ ਦੇ ਵਕਫੇ ਦੌਰਾਨ ਪ੍ਰਾਪਤ ਹੋਈਆ ਹਨ। ਜੰਗਲਾਤ ਤੇ ਵਾਤਾਵਰਣ ਵਿਭਾਗ ਮੁਤਾਬਕ ਜ਼ਿਆਦਾਤਰ ਸ਼ੇਰਾਂ ਦੀ ਮੌਤ ਆਪਸੀ ਲੜਾਈ ਕਾਰਨ ਹੋਈ ਹੈ। ਸਾਲ 2015 ਵਿੱਚ ਕਰਵਾਈ ਗਿਣਤੀ ਮੁਤਾਬਕ ਗੁਜਰਾਤ ਦਾ ਇਹ ਜੰਗਲ 520 ਸ਼ੇਰਾਂ ਦਾ ਘਰ ਹੈ। ਗਿਰ (ਪੂਰਬੀ) ਦੇ ਉਪ ਜੰਗਲ ਰੱਖਿਅਕ ਪੀ. ਪੁਰਸ਼ੋਤਮ ਨੇ ਦੱਸਿਆ ਕਿ ਬੁੱਧਵਾਰ ਨੂੰ ਅਮਰੇਲੀ ਜ਼ਿਲ੍ਹੇ ਦੇ ਰਾਜੌਲਾ ਕੋਲੋਂ ਇੱਕ ਸ਼ੇਰਨੀ ਦੀ ਲਾਸ਼ ਬਰਾਮਦ ਕੀਤੀ ਗਈ ਸੀ ਅਤੇ ਉਸੇ ਦਿਨ ਦਾਲਖਾਨੀਆ ਰੇਂਜ ਖੇਤਰ ਵਿੱਚੋਂ ਤਿੰਨ ਸ਼ੇਰਾਂ ਦੀਆਂ ਲਾਸ਼ਾਂ ਮਿਲੀਆਂ। ਇਨ੍ਹਾਂ ਤੋਂ ਇਲਾਵਾ ਪਿਛਲੇ ਦਿਨਾਂ ਵਿੱਚ ਸੱਤ ਸ਼ੇਰਾਂ ਦੀ ਲਾਸ਼ਾਂ ਮਿਲ ਚੁੱਕੀਆਂ ਸਨ। ਜੰਗਲ ਤੇ ਵਾਤਾਵਰਣ ਵਿਭਾਗ ਦੇ ਵਧੀਕ ਮੁੱਖ ਸਕੱਤਰਰ ਡਾ. ਰਾਜੀਵ ਕੁਮਾਰ ਗੁਪਤਾ ਨੇ ਜਾਣਕਾਰੀ ਦਿੱਤੀ ਕਿ ਸੂਬਾ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਮੁੱਖ ਪ੍ਰਮੁੱਖ ਜੰਗਲ ਰੱਖਿਅਕ ਏ.ਕੇ. ਸਕਸੇਨਾ ਨੂੰ ਪੜਤਾਲ ਦੇ ਹੁਕਮ ਦੇ ਦਿੱਤੇ ਹਨ। ਗੁਪਤਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਅੱਠ ਸ਼ੇਰਾਂ ਦੀ ਮੌਤ ਆਪਸ ਵਿੱਚ ਲੜਨ ਕਾਰਨ ਹੋਈ ਹੈ, ਜਦਕਿ ਤਿੰਨ ਸ਼ੇਰਾਂ ਦੀਆਂ ਲਾਸ਼ਾਂ ਦੀ ਪੋਸਟਮਾਰਟਮ ਰਿਪੋਰਟ ਦਾ ਆਉਣਾ ਬਾਕੀ ਹੈ। ਸਕਸੇਨਾ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਚਾਰ ਸਾਲਾਂ ਤੋਂ ਇੱਥੇ ਅਜਿਹਾ ਹੀ ਹੋ ਰਿਹਾ ਹੈ। ਆਪਸ ਵਿੱਚ ਲੜਦੇ ਹਨ ਅਤੇ ਸ਼ੇਰਨੀਆਂ ਤੇ ਬੱਚੇ ਗੰਭੀਰ ਜ਼ਖ਼ਮ ਖਾ ਬਹਿੰਦੇ ਹਨ। ਉਨ੍ਹਾਂ ਸਾਫ਼ ਕੀਤਾ ਕਿ ਇਨ੍ਹਾਂ ਮੌਤਾਂ 'ਚੋਂ ਕਿਸੇ ਕਿਸਮ ਦਾ ਸ਼ੰਕਾ ਜਾਂ ਕਿਸੇ ਕਿਸਮ ਦੀਆਂ ਊਣਤਾਈਆਂ ਉਜਾਗਰ ਨਹੀਂ ਹੋਈਆਂ ਹਨ।