ਲੜਾਕੂ ਜਹਾਜ਼ਾਂ ਨੂੰ ਦੁਸ਼ਮਣ ਦੇ ਹਮਲੇ ਤੋਂ ਬਚਾਉਣ ਲਈ ਸਰਕਾਰ ਦਾ ਵੱਡਾ ਫੈਸਲਾ
ਏਬੀਪੀ ਸਾਂਝਾ | 12 Mar 2019 07:24 PM (IST)
ਨਵੀਂ ਦਿੱਲੀ: ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੂੰ ਕਰਾਸ ਬਾਰਡਰ ਫਾਇਰਿੰਗ ਤੇ ਮਿਜ਼ਾਈਲ ਹਮਲਿਆਂ ਤੋਂ ਬਚਾਉਣ ਲਈ ਸਰਕਾਰ ਨੇ ਪਾਕਿਸਤਾਨ-ਚੀਨ ਸਰਹੱਦ ਦੇ ਨੇੜੇ 110 ਮਜ਼ਬੂਤ ਸ਼ੈਲਟਰ ਬਣਾਉਣ ਦੀ ਮਨਜ਼ੂਰੀ ਦਿੱਤੀ ਹੈ। ਸੂਤਰਾਂ ਮੁਤਾਬਕ ਇਸ ਪ੍ਰੋਜੈਕਟ ਵਿੱਚ 5 ਹਜ਼ਾਰ ਕਰੋੜ ਰੁਪਏ ਖ਼ਰਚ ਹੋਣਗੇ। ਇਸ ਦਾ ਨਿਰਮਾਣ ਕੁਝ ਗੇੜਾਂ ਵਿੱਚ ਪੂਰਾ ਹੋ ਜਾਏਗਾ। ਇਸ ਦੇ ਬਾਅਦ ਫੌਜ ਆਪਣੇ ਫਰੰਟ ਲਾਈਨ ਫਾਈਟਰ ਜੈਟਸ ਨੂੰ ਵੀ ਬਗੈਰ ਕਿਸੇ ਚਿੰਤਾ ਇੱਥੇ ਤਾਇਨਾਤ ਕਰ ਸਕੇਗੀ। ਇਨ੍ਹਾਂ ਜਹਾਜ਼ਾਂ ਵਿੱਚ ਸੁਖੋਈ-30 ਵੀ ਸ਼ਾਮਲ ਹੋਣਗੇ। ਹੁਣ ਤਕ ਫੌਜ ਆਪਣੇ ਲੜਾਕੂ ਜਹਾਜ਼ਾਂ ਨੂੰ ਸਰਹੱਦ ਤੋਂ ਦੂਰ ਰੱਖਦੀ ਹੈ। ਸ਼ੈਲਟਰਸ ਬਣ ਜਾਣ ਬਾਅਦ ਇੰਨ੍ਹਾਂ ਨੂੰ ਸਰਹੱਦ ਦੇ ਨੇੜੇ ਰੱਖਿਆ ਜਾਏਗਾ ਤਾਂ ਜੋ ਲੋੜ ਪੈਣ ’ਤੇ ਤੁਰੰਤ ਇਨ੍ਹਾਂ ਦਾ ਇਸਤੇਮਾਲ ਕੀਤਾ ਜਾ ਸਕੇ। ਯਾਦ ਰਹੇ ਕਿ 1965 ਵਿੱਚ ਪਾਕਿਸਤਾਨ ਨਾਲ ਹੋਈ ਲੜਾਈ ਵਿੱਚ ਭਾਰਤੀ ਫੌਜ ਦੇ ਕੁਝ ਜਹਾਜ਼ ਨੁਕਸਾਨੇ ਗਏ ਸੀ। ਵਜ੍ਹਾ ਇਹ ਸੀ ਕਿ ਇਹ ਜਹਾਜ਼ ਬਿਨ੍ਹਾਂ ਕਿਸੇ ਸ਼ੈਲਟਰ ਇਵੇਂ ਹੀ ਏਅਰਸਟ੍ਰਿਪ ’ਤੇ ਖੜੇ ਕੀਤੇ ਹੋਏ ਸੀ। ਇਸ ਤੋਂ ਬਾਅਦ ਤੋਂ ਹੀ ਲੜਾਕੂ ਜਹਾਜ਼ਾਂ ਨੂੰ ਦੁਸ਼ਮਣ ਦੇ ਹਮਲੇ ਤੋਂ ਬਚਾਉਣ ਲਈ ਸਰਹੱਦ ’ਤੇ ਇਸ ਤਰ੍ਹਾਂ ਦੇ ਸ਼ੈਲਟਰਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਸ਼ੈਲਟਰ ਕੰਕਰੀਟ ਦੀ ਬਹੁਤ ਮੋਟੀ ਦੀਵਾਰ ਤੋਂ ਬਣੇ ਹੋਏ ਹੁੰਦੇ ਹਨ ਜੋ ਵੱਡੇ ਹਮਲਿਆਂ ਤੋਂ ਵੀ ਲੜਾਕੂ ਜਹਾਜ਼ਾਂ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਾ ਲੈਂਦੇ ਹਨ। ਹੁਣ ਪੁਲਵਾਮਾ ਹਮਲੇ ਤੇ ਹਵਾਈ ਫੌਜ ਦੀ ਏਅਰ ਸਟ੍ਰਾਈਕ ਦੀ ਘਟਨਾ ਤੋਂ ਬਾਅਦ ਫੌਜ ਇਨ੍ਹਾਂ ਦੀ ਵਧੇਰੇ ਲੋੜ ਮਹਿਸੂਸ ਕਰ ਰਹੀ ਹੈ।