ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਨਾਲ ਗਠਜੋੜ ਦੀਆਂ ਚਰਚਾਵਾਂ ’ਤੇ ਵਿਰ੍ਹਾਮ ਲਾ ਦਿੱਤਾ ਹੈ। ਉਨ੍ਹਾਂ ਸਾਫ ਕਰ ਦਿੱਤਾ ਹੈ ਕਿ ‘ਆਪ’ ਦਿੱਲੀ ਦੀਆਂ ਸਾਰੀਆਂ ਸੀਟਾਂ ਤੋਂ ਆਪਣੇ ਬਲਬੂਤੇ ਹੀ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਦਿੱਲੀ ਦੇ ਲੋਕ ਪ੍ਰਧਾਨ ਮੰਤਰੀ ਲਈ ਨਹੀਂ, ਬਲਕਿ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਲਈ ਵੋਟਾਂ ਪਾਉਣਗੇ ਤੇ ਉਨ੍ਹਾਂ ਦੀ ਪਾਰਟੀ ਇਸੇ ਮੰਗ ਨੂੰ ਮੁੱਖ ਰੱਖਦਿਆਂ ਚੋਣਾਂ ਲੜੇਗੀ। ਪਾਰਟੀ ਬੁੱਧਵਾਰ ਨੂੰ ਅੰਦੋਲਨ ਦੀ ਤਰਜ਼ ’ਤੇ ਦਿੱਲੀ ਨੂੰ ਪੂਰਨ ਰਾਜ ਦਿਵਾਉਣ ਦੇ ਮੁੱਦੇ ਸਬੰਧੀ ਧਰਨਾ ਪ੍ਰਦਰਸ਼ਨ ਸ਼ੁਰੂ ਕਰੇਗੀ।

ਮੰਗਲਵਾਰ ਨੂੰ ਕੇਜਰੀਵਾਲ ਨੇ ਕਿਹਾ ਕਿ ਫਿਲਹਾਲ ਕਾਂਗਰਸ ਤੇ ‘ਆਪ’ ਵਿਚਾਲੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ। ਉਨ੍ਹਾਂ ਕਿਹਾ ਕਿ ‘ਆਪ’ ਆਪਣੇ ਸਿਰ ’ਤੇ ਹੀ ਚੋਣਾਂ ਲੜੇਗੀ। ਦੱਸ ਦੇਈਏ ਕਿ ਦਿੱਲੀ ਦੀਆਂ ਸੱਤ ਸੀਟਾਂ ਤੋਂ ‘ਆਪ’ ਨੇ ਉਮੀਦਵਾਰ ਐਲਾਨ ਦਿੱਤੇ ਹਨ। ਸਿਰਫ ਪੱਛਮੀ ਦਿੱਲੀ ਦੀ ਸੀਟ ’ਤੇ ਪਾਰਟੀ ਵੱਲੋਂ ਹਾਲੇ ਤਕ ਉਮੀਦਵਾਰ ਨਹੀਂ ਐਲਾਨਿਆ ਗਿਆ।

ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ‘ਆਪ’ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦੀ ਮੰਗ ਨਾਲ ਲੋਕ ਸਭਾ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਵਿੱਚ ਬੀਜੇਪੀ ਨੇ ਦਿੱਲੀ ਦੇ ਲੋਕਾਂ ਨਾਲ ਇਸ ਨੂੰ ਪੂਰਨ ਰਾਜ ਐਲਾਨਣ ਦੀ ਮੰਗ ਦਾ ਵਾਅਦਾ ਕੀਤਾ ਸੀ ਪਰ ਸੱਤਾ ਵਿੱਚ ਆਉਣ ਮਗਰੋਂ ਉਹ ਵਾਅਦੇ ਤੋਂ ਮੁਕਰ ਗਈ ਹੈ।

ਕੇਜਰੀਵਾਲ ਨੇ ਕਿਹਾ ਕਿ ਉਹ ਆਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਜਨਤਾ ਨੂੰ ਪੂਰਨ ਰਾਜ ਦੇ ਸੱਚ ਬਾਰੇ ਜਾਣੂ ਕਰਵਾਏਗੀ। ਪਾਰਟੀ ਵਰਕਰ ਲੋਕਾਂ ਨੂੰ ਦੱਸਣਗੇ ਕਿ ਕਿਸ ਤਰ੍ਹਾਂ ਬੀਜੇਪੀ ਪੂਰਨ ਰਾਜ ਦੇ ਨਾਂ ’ਤੇ ਦਿੱਲੀ ਵਾਸੀਆਂ ਨੂੰ ਧੋਖਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਪੂਰਨ ਰਾਜ ਨਾ ਹੋਣ ਕਰਕੇ ਹੀ ‘ਆਪ’ ਸਰਕਾਰ 4 ਸਾਲਾਂ ਵਿੱਚ ਦਿੱਲੀ ਵਾਸੀਆਂ ਦੇ ਹਿੱਤਾਂ ਲਈ ਕਈ ਮਹੱਤਵਪੂਰਨ ਕੰਮ ਨਹੀਂ ਕਰ ਸਕੀ।