ਪਟਨਾ- ਬਿਹਾਰ ਵਿੱਚ ਪਟਨਾ ਅਤੇ ਵੈਸ਼ਾਲੀ ਜ਼ਿਲਿਆਂ ਵਿੱਚੋਂ ਲੰਘਣ ਵਾਲੀ ਗੰਗਾ ਨਦੀ ਤੇ ਸਮਸਤੀਪੁਰ ਜ਼ਿਲੇ ਤੋਂ ਲੰਘਦੀ ਬਾਗਮਤੀ ਨਦੀ ਵਿੱਚ ਡੁੱਬਣ ਨਾਲ 12 ਲੋਕਾਂ ਦੀ ਮੌਤ ਹੋ ਗਈ ਅਤੇ 2-3 ਵਿਅਕਤੀ ਇਸ ਦੇ ਬਾਅਦ ਲਾਪਤਾ ਦੱਸੇ ਜਾ ਰਹੇ ਹਨ।

ਪਟਨਾ ਜ਼ਿਲੇ ਦੇ ਫਤੁਹਾ ਥਾਣਾ ਦੇ ਮੁਖੀ ਨਸੀਮ ਅਹਿਮਦ ਨੇ ਦੱਸਿਆ ਕਿ ਇਹ ਹਾਦਸਾ ਗੁਆਂਢੀ ਵੈਸ਼ਾਲੀ ਜ਼ਿਲੇ ਦੇ ਰੌਸ਼ਨਪੁਰ ਪੁਲਸ ਚੌਕੀ ਇਲਾਕੇ ਵਿੱਚ ਗੰਗਾ ਨਦੀ ਵਿਚਾਲ ਗਾਰ ਨਾਲ ਬਣੇ ਇਕ ਟਾਪੂਨੁਮਾ ਸਥਾਨ ਕੋਲ ਹੋਇਆ। ਉਨ੍ਹਾਂ ਦੱਸਿਆ ਕਿ 9 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਚਾਰ ਪੁਰਸ਼ ਅਤੇ 5 ਲੜਕੀਆਂ ਸ਼ਾਮਲ ਹਨ। ਅਹਿਮਦ ਨੇ ਦੱਸਿਆ ਕਿ ਸਾਰੇ ਮ੍ਰਿਤਕ ਫਤੁਹਾ ਦੇ ਦਰਿਆਪੁਰ ਇਲਾਕੇ ਦੇ ਵਾਸੀ ਸਨ।

ਉਨ੍ਹਾਂ ਦੱਸਿਆ ਕਿ ਪਟਨਾ ਸਿਟੀ ਦੇ ਮਸਤਾਨਾ ਘਾਟ ਤੋਂ ਹੋ ਕੇ ਪਿਕਨਿਕ ਮਨਾਉਣ ਗੰਗਾ ਨਦੀ ਵਿੱਚ ਟਾਪੂਨੁਮਾ ਸਥਾਨ ਉੱਤੇ ਗਏ, ਇਨ੍ਹਾਂ ਲੋਕਾਂ ਵਿੱਚ ਕਿਸੇ ਇਕ ਦੇ ਨਦੀ ਵਿੱਚ ਨਹਾਉਣ ਦੇ ਕੰਮ ਵਿੱਚ ਡੁੱਬਣ ਅਤੇ ਫਿਰ ਉਸ ਨੂੰ ਬਚਾਉਣ ਦੇ ਚੱਕਰ ਵਿੱਚ ਬਾਕੀ ਲੋਕ ਵੀ ਡੁੱਬ ਗਏ। ਅਹਿਮਦ ਨੇ ਦੱਸਿਆ ਕਿ ਲਾਪਤਾ ਲੋਕਾਂ ਦੀ ਤਲਾਸ਼ ਗੋਤਾਖੋਰਾਂ ਦੀ ਮਦਦ ਨਾਲ ਕੀਤੀ ਜਾ ਰਹੀ ਹੈ। ਇਸ ਮੌਕੇ ਪਟਨਾ ਦੇ ਜ਼ਿਲਾ ਅਧਿਕਾਰੀ ਨੇ ਕਿਹਾ ਕਿ 9 ਲਾਸ਼ਾਂ ਬਰਾਮਦ ਹੋਈਆਂ ਹਨ ਅਤੇ ਕੁਝ ਲਾਪਤਾ ਲੋਕਾਂ ਦੀ ਤਲਾਸ਼ ਜਾਰੀ ਹੈ।

ਦੂਸਰੀ ਘਟਨਾ ਵਿੱਚ ਸਮਸਤੀਪੁਰ ਜ਼ਿਲੇ ਵਿੱਚ ਸ਼ਿਵਾਜੀਨਗਰ ਪੁਲਸ ਚੌਕੀ ਦੇ ਮਥੁਰਾਪੁਰ ਧਰਮਪੁਰ ਘਾਟ ਕੋਲ ਐਤਵਾਰ ਦੀ ਸਵੇਰ ਬਾਗਮਤੀ ਨਦੀ ਵਿੱਚ ਇਕ ਛੋਟੀ ਕਿਸ਼ਤੀ ਬੇਕਾਬੂ ਹੋ ਕੇ ਪਲਟ ਗਈ ਅਤੇ ਉਸ ਵਿੱਚ ਸਵਾਰ ਇਕ ਦਰਜਨ ਤੋਂ ਵੱਧ ਲੋਕ ਨਦੀ ਵਿੱਚ ਰੁੜ੍ਹ ਗਏ, ਜਿਨ੍ਹਾਂ ਵਿੱਚੋਂ ਤਿੰਨ ਔਰਤਾਂ ਦੀ ਡੁੱਬਣ ਨਾਲ ਮੌਤ ਹੋ ਗਈ। ਨਦੀ ਤੋਂ ਬੇਹੋਸ਼ੀ ਦੀ ਹਾਲਤ ਵਿੱਚ ਕੱਢੇ ਗਏ 5 ਲੋਕਾਂ ਨੂੰ ਇਲਾਜ ਲਈ ਸ਼ਿਵਾਜੀ ਨਗਰ ਸਿਹਤ ਕੇਂਦਰ ਵਿੱਚ ਭਰਤੀ ਕਰਾਇਆ ਗਿਆ ਹੈ।

ਰੋਸਡਾ ਡਵੀਜ਼ਨ ਦੇ ਪੁਲਸ ਕਮਿਸ਼ਨਰ ਅਜੀਤ ਕੁਮਾਰ ਨੇ ਦੱਸਿਆ ਕਿ ਕਿਸ਼ਤੀ ਸਵਾਰ ਬਾਕੀ ਲੋਕ ਤਰ ਕੇ ਨਦੀ ਵਿੱਚੋਂ ਬਾਹਰ ਨਿਕਲ ਆਏ। ਅਜੀਤ ਨੇ ਦੱਸਿਆ ਕਿ ਇਹ ਹਾਦਸਾ ਓਦੋਂ ਹੋਇਆ, ਜਦੋਂ ਇਹ ਲੋਕ ਉਕਤ ਕਿਸ਼ਤੀ ਉਤੇ ਸਵਾਰ ਹੋ ਕੇ ਜਾਨਵਰਾਂ ਲਈ ਚਾਰਾ ਲਿਆਉਣ ਵਾਸਤੇ ਨਾਲ ਬਾਗਮਤੀ ਨਦੀ ਪਾਰ ਕਰ ਰਹੇ ਸਨ।