ਸਿਰਸਾ- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 20 ਸਾਲ ਕੈਦ ਦੀ ਸਜ਼ਾ ਹੋਣ ਪਿੱਛੋਂ ਬੰਦ ਹੋਇਆ ਇਹ ਡੇਰਾ 71 ਦਿਨਾਂ ਬਾਅਦ ਇਸ ਡੇਰੇ ਦੇ ਮੋਢੀ ਸ਼ਾਹ ਮਸਤਾਨਾ ਦੇ ਜਨਮ ਦਿਨ ਮੌਕੇ ਇੱਕ ਵਾਰ ਫਿਰ ਖੁੱਲ੍ਹ ਗਿਆ। ਹਾਈ ਕੋਰਟ ਦੇ ਹੁਕਮ ਹੇਠ ਬੀਤੀ 7 ਸਤੰਬਰ ਨੂੰ ਕੀਤੀ ਗਈ ਤਲਾਸ਼ੀ ਦੇ ਵਕਤ ਡੇਰੇ ਨੂੰ ਬੰਦ ਕਰ ਦਿੱਤਾ ਗਿਆ ਸੀ।

ਸਿਰਸਾ ਤੇ ਹੋਰ ਥਾਂਵਾਂ ਦੇ ਸ਼ਰਧਾਲੂਆਂ ਨੂੰ ਅੱਜ ਜਦੋਂ ਇਹ ਡੇਰਾ ਫਿਰ ਖੁੱਲ੍ਹਣ ਦੀ ਖ਼ਬਰ ਤਾਂ ਲਗਪਗ ਤਿੰਨ ਹਜ਼ਾਰ ਦੇ ਕਰੀਬ ਸ਼ਰਧਾਲੂ ਡੇਰੇ ਵਿੱਚ ਪਹੁੰਚ ਗਏ। ਇਸ ਤੋਂ ਪਹਿਲਾਂ ਇਹ ਲੋਕ ਪੁਰਾਣੇ ਡੇਰੇ ਵਿੱਚ ਜਾਣ ਲੱਗ ਪਏ ਸਨ। ਅੱਜ ਇਸ ਡੇਰੇ ਵਿੱਚ ਨਾਮ ਚਰਚਾ ਵੀ ਕੀਤੀ ਗਈ ਤੇ ਡੇਰਾ ਮੁਖੀ ਦੀ ਮਾਂ ਨਸੀਬ ਕੌਰ ਨੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ। ਡੇਰੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਵਿੱਚ ਵੱਡੀ ਗਿਣਤੀ ਔਰਤਾਂ ਦੀ ਰਹੀ।
ਕਰੀਬ ਤਿੰਨ ਹਜ਼ਾਰ ਡੇਰਾ ਪ੍ਰੇਮੀਆਂ ਨੇ ਇਸ ਡੇਰੇ ਦੇ ਮੋਢੀ ਸ਼ਾਹ ਮਸਤਾਨਾ ਦੇ ਜਨਮ ਦਿਨ ਸਬੰਧੀ ਅੱਜ ਨਵੇਂ ਡੇਰੇ ਵਿੱਚ ਮੱਥਾ ਟੇਕਿਆ।

ਕਿਸੇ ਕਿਸਮ ਦੀ ਅਣ-ਸੁਖਾਵੀਂ ਘਟਨਾ ਨੂੰ ਰੋਕਣ ਲਈ ਡੇਰੇ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਔਰਤਾਂ ਤੇ ਪੁਰਸ਼ਾਂ ਦੀਆਂ ਵੱਖ ਵੱਖ ਕਤਾਰਾਂ ਬਣਾ ਕੇ ਮੁਕੰਮਲ ਡਿਸਿਪਲਿਨ ਰੱਖਣ ਦਾ ਯਤਨ ਕੀਤਾ ਗਿਆ। ਨਾਮ ਚਰਚਾ ਕਰਨ ਆਏ ਡੇਰਾ ਪ੍ਰੇਮੀਆਂ ਦੇ ਚਿਹਰੇ ਉਤੇ ਚਿੰਤਾ ਦੀ ਬਜਾਏ ਇਸ ਗੱਲ ਦੀ ਖ਼ੁਸ਼ੀ ਦਿਖਾਈ ਦੇ ਰਹੀ ਸੀ ਕਿ ਨਾਮ ਚਰਚਾ ਲਈ ਡੇਰਾ ਫਿਰ ਖੁੱਲ੍ਹ ਗਿਆ ਹੈ ,ਪਰ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਨਾਮ ਚਰਚਾ ਵਿੱਚ ਡੇਰੇ ਦਾ ਮੁਖੀ ਖੁਦ ਹਾਜ਼ਰ ਨਹੀਂ ਸੀ ਹੋ ਸਕਿਆ।

ਵਰਨਣ ਯੋਗ ਹੈ ਕਿ ਇਸ ਡੇਰੇ ਵਿੱਚ ਤਲਾਸ਼ੀ ਮੁਹਿੰਮ ਤੋਂ ਬਾਅਦ ਸਾਰੀਆਂ ਸਰਗਰਮੀਆਂ ਬੰਦ ਕਰ ਦਿੱਤੀਆਂ ਗਈਆਂ ਸਨ ਤੇ ਕੁਝ ਗਿਣੇ ਚੁਣੇ ਸੇਵਾਦਾਰ ਅਤੇ ਡੇਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਹੀ ਡੇਰੇ ਵਿੱਚ ਏਥੇ ਰਹਿੰਦੇ ਸਨ। ਹਾਈ ਕੋਰਟ ਵੱਲੋਂ ਤਲਾਸ਼ੀ ਲੈਣ ਲਈ ਨਿਯੁਕਤ ਕੀਤੇ ਕੋਰਟ ਕਮਿਸ਼ਨਰ ਏ ਕੇ ਐਸ ਪੰਵਾਰ ਦੋ ਦਿਨ ਪਹਿਲਾਂ ਸਿਰਸਾ ਆਏ ਤਾਂ ਉਸ ਸਮੇਂ ਹੀ ਉਨ੍ਹਾਂ ਸਾਫ ਕਰ ਦਿੱਤਾ ਸੀ ਕਿ ਡੇਰੇ ਜਾਂ ਇਸ ਦੇ ਆਸ਼ਰਮਾਂ ਵਿੱਚ ਸਤਿਸੰਗ ਕਰਨ ਦੀ ਮਨਾਹੀ ਨਹੀਂ।

ਇਸ ਤੋਂ ਬਾਅਦ ਕੈਥਲ ਵਿੱਚ ਡੇਰਾ ਆਸ਼ਰਮ ਖੋਲ੍ਹ ਦਿੱਤਾ ਗਿਆ ਸੀ ਤੇ ਅੱਜ ਸਿਰਸਾ ਦੇ ਡੇਰਾ ਹੈੱਡਕੁਆਰਟਰ ਨੂੰ ਵੀ ਨਾਮ ਚਰਚਾ ਲਈ ਖੋਲ੍ਹ ਦਿੱਤਾ ਗਿਆ। ਸਿਟੀ ਮੈਜਿਸਟਰੇਟ ਸੁਰਿੰਦਰ ਬੈਨੀਵਾਲ ਨੇ ਇਸ ਦੀ ਪੁਸ਼ਟੀ ਕੀਤੀ ਕਿ ਕੋਰਟ ਕਮਿਸ਼ਨਰ ਨੇ ਜਦੋਂ ਡੇਰੇ ਅਤੇ ਉਸ ਦੇ ਆਸ਼ਰਮਾਂ ਵਿੱਚ ਨਾਮ ਚਰਚਾ ਦੀ ਕਿਸੇ ਵੀ ਤਰ੍ਹਾਂ ਦੀ ਰੋਕ ਨਾ ਹੋਣ ਦੀ ਗੱਲ ਕਹਿ ਦਿੱਤੀ ਹੈ ਤਾਂ ਹੁਣ ਇਸ ਡੇਰੇ ਵਿੱਚ ਨਾਮ ਚਰਚਾ ਕੀਤੀ ਜਾ ਸਕਦੀ ਹੈ।