ਯਮਨਾਨਗਰ: ਪਿੰਡ ਮੋਹੜੀ ਦੇ ਮੰਦਰ ਵਿੱਚ 13 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਮਾਮਲੇ ਬਾਰੇ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਮੁਤਾਬਕ ਮੰਦਰ ਵਿੱਚ ਬਲਾਤਕਾਰ ਕਰਨ ਵਾਲੇ ਚਾਰ ਨਹੀਂ ਪੰਜ ਜਣੇ ਸੀ। ਇਨ੍ਹਾਂ ਵਿੱਚੋਂ ਪੁਲਿਸ ਨੇ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਹੈ।
ਪਹਿਲਾਂ ਪੁਲਿਸ ਨੇ ਚਾਰ ਜਣਿਆਂ ਖਿਲਾਫ ਕਾਰਵਾਈ ਕੀਤੀ ਸੀ ਪਰ ਜਾਂਚ ਵਿੱਚ ਪਤਾ ਲੱਗਾ ਕਿ ਮੁਲਜ਼ਮ ਪੰਜ ਸਨ। ਪੀੜਤ ਲੜਕੀ ਵਾਲਿਆਂ ਨੇ ਚਾਰ ਜਣਿਆਂ ਖਿਲਾਫ ਹੀ ਸ਼ਿਕਾਇਤ ਕੀਤੀ ਸੀ। ਦਰਅਸਲ ਹਰਿਆਣਾ ਦੇ ਯਮੁਨਾਨਗਰ ’ਚ ਦਰਿੰਦਿਆਂ ਨੇ 13 ਸਾਲ ਦੀ ਬੱਚੀ ਨੂੰ ਅਗਵਾ ਕਰਕੇ ਮੰਦਰ ਵਿੱਚ ਉਸ ਨਾਲ ਗੈਂਗਰੇਪ ਕੀਤਾ। ਗੈਂਗਰੇਪ ਬਾਅਦ ਕਤਲ ਦੇ ਇਰਾਦੇ ਨਾਲ ਬੱਚੀ ਦਾ ਸਿਰ ਕੰਧ ਨਾਲ ਮਾਰਿਆ ਜਿਸ ਨਾਲ ਬੱਚੀ ਗੰਭੀਰ ਜ਼ਖ਼ਮੀ ਹੋ ਗਈ।
ਜਾਣਕਾਰੀ ਮੁਤਾਬਕ ਪੀੜਤ ਬੱਚੀ ਆਪਣੇ ਭੈਣ-ਭਰਾ ਨਾਲ ਰਹਿ ਰਹੀ ਸੀ। ਉਸ ਦੇ ਮਾਪੇ ਕੰਮ ਲਈ ਬਾਹਰ ਗਏ ਹੋਏ ਸੀ। ਇਸੇ ਦੌਰਾਨ ਪਿੰਡ ਦੇ ਹੀ ਦੋ ਵਿਅਕਤੀ ਆਪਣੇ ਸਾਥੀਆਂ ਨਾਲ ਘਰ ਵਿੱਚੋਂ ਬੱਚੀ ਨੂੰ ਚੁੱਕ ਕੇ ਲੈ ਗਏ ਤੇ ਮੰਦਰ ਵਿੱਚ ਬਲਾਤਕਾਰ ਕਰਨ ਪਿੱਛੋਂ ਉਸ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਜ਼ਖ਼ਮੀ ਹੋਣ ਕਾਰਨ ਬੱਚੀ ਬੇਹੋਸ਼ ਹੋ ਗਈ। ਜਦ ਉਸ ਨੂੰ ਹੋਸ਼ ਆਈ ਤਾਂ ਉਸ ਨੇ ਘਰ ਆ ਕੇ ਘਟਨੇ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ।