ਆਗਰਾ: ਯੂਪੀ ਦੇ ਆਗਰਾ ਵਿੱਚ ਦੋ ਲੜਕੀਆਂ ਵੱਲੋਂ ਵਿਆਹ ਕਰਾਏ ਜਾਣ ’ਤੇ ਹੰਗਾਮਾ ਮੱਚ ਗਿਆ ਹੈ। ਦੋਵੇਂ ਇੱਕ ਦੂਜੀ ਨੂੰ ਇਸ ਤਰ੍ਹਾਂ ਪਸੰਦ ਕਰਦੀਆਂ ਸੀ ਕਿ ਉਨ੍ਹਾਂ ਨੇ ਸਮੂਹਿਕ ਵਿਆਹ ਸਮਾਗਮ ਵਿੱਚ ਹੀ ਵਿਆਹ ਕਰਾ ਲਿਆ। ਦੋਵਾਂ ਦੇ ਮਾਪਿਆਂ ਨੂੰ ਜਦੋਂ ਇਸ ਗੱਲ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਪੁਲਿਸ ਵੱਲੋਂ ਸਮਝਾਉਣ ਦੇ ਬਾਵਜੂਦ ਉਹ ਨਹੀਂ ਮੰਨੀਆਂ ਸਗੋਂ ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਖ਼ੁਦਕੁਸ਼ੀ ਕਰ ਲੈਣਗੀਆਂ।

 

ਪੁਲਿਸ ਮੁਤਾਬਕ ਦੋਵੇਂ ਲੜਕੀਆਂ ਇੱਕੋ ਕਾਲਜ ਵਿੱਚ ਪੜ੍ਹਦੀਆਂ ਸਨ ਤੇ ਚੰਗੀਆਂ ਸਹੇਲੀਆਂ ਸਨ। ਦੋਵਾਂ ’ਚੋਂ ਇੱਕ ਕੁੜੀ ਦਲਿਤ ਵਰਗ ਤੇ ਦੂਜੀ ਉੱਚੀ ਜਾਤੀ ਨਾਲ ਸਬੰਧਤ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਕਾਲਜ ਦੇ ਹੀ ਇੱਕ ਵਿਦਿਆਰਥੀ ਨੇ ਦੋਵਾਂ ਦੇ ਮਾਪਿਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਵਿਆਹ ਕਰਾਉਣ ਲਈ ਦੋਵਾਂ ’ਚੋਂ ਇੱਕ ਕੁੜੀ ਨੇ ਮੁੰਡੇ ਦਾ ਭੇਸ ਬਦਲਿਆ ਹੋਇਆ ਸੀ।

ਫ਼ਿਲਹਾਲ ਕੁੜੀਆਂ ਪੁਲਿਸ ਸਟੇਸ਼ਨ ਵਿੱਚ ਹਨ ਤੇ ਵਾਰ-ਵਾਰ ਇਹੀ ਦੁਹਰਾ ਰਹੀਆਂ ਹਨ ਕਿ ਉਹ ਇੱਕ-ਦੂਜੀ ਨੂੰ ਪਿਆਰ ਕਰਦੀਆਂ ਹਨ ਤੇ ਜੇ ਉਨ੍ਹਾਂ ਨੂੰ ਵੱਖ ਕੀਤਾ ਤਾਂ ਉਹ ਅਪਣੀ ਜਾਨ ਦੇ ਦੇਣਗੀਆਂ।