ਚੰਡੀਗੜ੍ਹ: ਇੱਕ ਪੰਜਾਬੀ ਨੌਜਵਾਨ ਤੇ ਹਿਮਾਚਲ ਪ੍ਰਦੇਸ਼ ਦੇ 13 ਨੌਜਵਾਨਾਂ ਸਮੇਤ ਭਾਰਤ ਦੇ ਕੁੱਲ 14 ਜਣਿਆਂ ਨੂੰ ਸਾਊਦੀ ਅਰਬ ਵਿੱਚ ਬੰਧਕ ਬਣਾ ਲਿਆ ਗਿਆ ਹੈ। ਇਨ੍ਹਾਂ ਦੇ ਵੀਜ਼ੇ ਦੀ ਮਿਆਦ ਖ਼ਤਮ ਹੋ ਜਾਣ ਕਾਰਨ ਕੰਪਨੀ ਨੇ ਇਨ੍ਹਾਂ ਨੂੰ ਬੰਧਕ ਬਣਾ ਲਿਆ ਹੈ। 14 ਵਿੱਚੋਂ ਇੱਕ ਨੌਜਵਾਨ ਪੰਜਾਬੀ ਹੈ ਤੇ ਬਾਕੀ 13 ਨੌਜਵਾਨ ਹਿਮਾਚਲ ਦੇ ਜ਼ਿਲ੍ਹਾ ਮੰਡੀ ਤੋਂ ਰਹਿਣ ਵਾਲੇ ਹਨ। ਇਸ ਸਬੰਧੀ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ  ਨਾਲ ਫੋਨ ’ਤੇ ਗੱਲਬਾਤ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਾਰੇ ਬੰਧਕਾਂ ਦੀ ਜਲਦ ਰਿਹਾਈ ਦਾ ਭਰੋਸਾ ਦਿੱਤਾ ਹੈ।

ਇਹ ਸਾਰੇ ਨੌਜਵਾਨ 4 ਮਹੀਨੇ ਪਹਿਲਾਂ ਸਾਊਦੀ ਅਰਬ ਵਿੱਚ ਨੌਕਰੀ ਕਰਨ ਲਈ ਗਏ ਸਨ। ਇਨ੍ਹਾਂ ਵਿੱਚੋਂ 9 ਸੁੰਦਰ ਨਗਰ, 3 ਬੱਲ੍ਹ ਤੇ ਇੱਕ ਪੰਜਾਬ ਦਾ ਰਹਿਣ ਵਾਲਾ ਹੈ। ਸਰੋਜ ਕੁਮਾਰੀ ਪਤਨੀ ਹਰਜਿੰਦਰ ਸਿੰਘ ਨਿਵਾਸੀ ਭੋਜਪੁਰ, ਸੁੰਦਰਨਗਰ ਨੇ ਇਸ ਸਬੰਧੀ ਏਜੰਟ ਖ਼ਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਨੇ ਲਿਖਿਆ ਹੈ ਕਿ ਉਸ ਦਾ ਪਤੀ 4 ਮਹੀਨੇ ਪਹਿਲਾਂ ਹੀ ਸਾਊਦੀ ਗਿਆ ਸੀ। ਉਸ ਨੂੰ ਭੇਜਣ ਵਾਲੇ ਏਜੰਟ ਮੋਹੰਮਦ ਆਸਿਫ ਨਿਵਾਸੀ ਡੁਰਰਾਂਈ ਨੇ ਉਨ੍ਹਾਂ ਕੋਲੋਂ 90 ਹਜ਼ਾਰ ਰੁਪਏ ਲਏ ਸਨ।

ਦੱਸਿਆ ਜਾਂਦਾ ਹੈ ਕਿ ਸਾਰੇ ਨੌਜਵਾਨ ਟੂਰਿਸਟ ਵੀਜ਼ਾ ਜ਼ਰੀਏ ਸਾਊਦੀ ਗਏ ਸਨ। ਮਹਿਲਾ ਵੱਲੋਂ ਕੀਤੀ ਸ਼ਿਕਾਇਤ ਵਿੱਚ ਉਸ ਦੇ ਪਤੀ ਤੋਂ ਇਲਾਵਾ ਤਨੁਜ ਕੁਮਾਰ, ਰਵੀਕਾਂਤ, ਅਸ਼ਵਨੀ ਸਾਂਯਾਨ, ਸ਼ਾਮਲਾਲ, ਓਂਕਾਰ ਚੰਦ, ਦਵਿੰਦਰ ਕੁਮਾਰ, ਵਿਕਰਮ ਚੰਦ, ਪ੍ਰੇਮ ਸਿੰਘ ਲਲਿਤ ਕੁਮਾਰ, ਮਨੋਜ ਕੁਮਾਰ ਤੇ ਭੁਪਿੰਦਰ ਸਿੰਘ ਦਾ ਨਾਂ ਸ਼ਾਮਲ ਹੈ। ਇਹ ਸਾਰੇ ਭਾਰਤ ਵਾਪਸ ਆਉਣਾ ਚਾਹੁੰਦੇ ਹਨ ਪਰ ਕੰਪਨੀ ਦਾ ਮਾਲਕ ਉਨ੍ਹਾਂ ਦੇ ਪਾਸਪੋਰਟ ਵਾਪਸ ਨਹੀਂ ਕਰ ਰਿਹਾ।