ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦੇ ਕਾਫਲੇ 'ਤੇ ਹੋਏ ਹਮਲੇ ਦੇ ਮਾਮਲੇ ਵਿਚ ਪੁਲਿਸ ਨੇ ਏਬੀਵੀਪੀ ਨੇਤਾ ਸਣੇ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਕੇਸ਼ ਟਿਕੈਤ ਦੇ ਕਾਫਲੇ 'ਤੇ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਤਤਾਰਪੁਰ ਲਾਂਘਾ 'ਤੇ ਹਮਲਾ ਕੀਤਾ ਗਿਆ। ਕੁਝ ਲੋਕਾਂ ਨੇ ਸਵਾਗਤ ਦੇ ਬਹਾਨੇ ਉਨ੍ਹਾਂ ਦੀ ਕਾਰ ਨੂੰ ਰੋਕ ਲਿਆ ਅਤੇ ਫਿਰ ਹਮਲਾ ਕਰ ਦਿੱਤਾ। ਉਨ੍ਹਾਂ 'ਤੇ ਸਿਆਹੀ ਵੀ ਸੁੱਟੀ ਗਈ, ਕਾਰ ਦੇ ਸ਼ੀਸ਼ੇ ਵੀ ਤੋੜੇ ਗਏ।

ਇਸ ਹਮਲੇ ਦੇ ਲਈ ਰਾਕੇਸ਼ ਟਿਕੈਤ ਨੇ ਹਮਲੇ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ। ਟਿਕੈਤ ਨੇ ਦੋਸ਼ ਲਾਇਆ ਕਿ ਭਾਜਪਾ ਦੇ ਗੁੰਡਿਆਂ ਨੇ ਉਨ੍ਹਾਂ ‘ਤੇ ਹਮਲਾ ਕੀਤਾ ਹੈ। ਐਫਆਈਆਰ ਮੁਤਾਬਕ ਰਾਕੇਸ਼ ਟਿਕੈਤ ਦੇ ਕਾਫਲੇ 'ਤੇ ਸ਼ੁੱਕਰਵਾਰ ਸ਼ਾਮ ਨੂੰ 33 ਵਿਅਕਤੀਆਂ ਨੇ ਹਮਲਾ ਕੀਤਾ ਸੀ। ਐਫਆਈਆਰ ਵਿਚ ਕਿਹਾ ਗਿਆ ਹੈ ਕਿ ਸਵਾਗਤ ਕਰਨ ਦੇ ਬਹਾਨੇ ਟਿਕੈਤ ਦੀ ਕਾਰ ਰੋਕੀ ਗਈ, ਜਿਸ ਤੋਂ ਬਾਅਦ ਕਾਰ ਦਾ ਸ਼ੀਸ਼ਾ ਡੰਡਿਆਂ ਨਾਲ ਤੋੜਿਆ ਗਿਆ ਅਤੇ ਸਿਆਹੀ ਵੀ ਸੁੱਟੀ ਗਈ।

ਦੱਸ ਦਈਏ ਕਿ ਰਾਕੇਸ਼ ਟਿਕੈਤ 'ਤੇ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਉਹ ਸਵਾਲੀ ਵਿਚ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਬਾਨਸੂਰ ਵਿਚ ਸਭਾ ਕਰਨ ਜਾ ਰਹੇ ਸੀ। ਹਮਲੇ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਇੱਕ ਕੇਸ ਦਰਜ ਕੀਤਾ ਗਿਆ ਸੀ।

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ, “ਸਰਕਾਰ ਮੇਰੇ ‘ਤੇ ਹਮਲੇ ਲਈ ਜ਼ਿੰਮੇਵਾਰ ਹੈ। ਅਸੀਂ ਕੋਈ ਰਾਜਨੀਤਿਕ ਪਾਰਟੀ ਨਹੀਂ ਹਾਂ। ਸਾਡਾ ਵਿਰੋਧ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਹੈ। ਅਸੀਂ ਭਾਜਪਾ ਦਾ ਵਿਰੋਧ ਨਹੀਂ ਕਰ ਰਹੇ। ਉਨ੍ਹਾਂ ਦੇ ਲੋਕ ਇੱਥੇ ਆ ਕੇ ਗੱਲਾਂ ਕਰਦੇ ਹਨ। ਅੱਜ ਦਾ ਪ੍ਰੋਗਰਾਮ ਅਲੀਗੜ੍ਹ ਵਿੱਚ ਹੈ। ਕੱਲ੍ਹ ਅਸੀਂ ਦੋ ਦਿਨਾਂ ਲਈ ਗੁਜਰਾਤ ਜਾ ਰਹੇ ਹਾਂ।”

ਉਧਰ ਭਾਜਪਾ ਨੇ ਇਸ ਮਾਮਲੇ ਤੋਂ ਆਪਣਾ ਪੱਲਾ ਝਾੜ ਦਿੱਤਾ। ਭਾਜਪਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਇਸ ਹਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਦੇ ਉਲਟ ਬੀਜੇਪੀ ਨੇ ਖੁਦ ਪੁਲਿਸ 'ਤੇ ਸਵਾਲ ਖੜੇ ਕੀਤੇ ਹਨ। ਫਿਲਹਾਲ ਪੁਲਿਸ ਨੇ 14 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: Coronavirus Cases India Updates: ਦੇਸ਼ 'ਚ ਕੋਰੋਨਾ ਲਗਾਤਾਰ ਹੋ ਰਿਹਾ ਬੇਕਾਬੂ, 195 ਦਿਨਾਂ ਬਾਅਦ ਸਾਹਮਣੇ ਆਏ 89 ਹਜ਼ਾਰ ਕੇਸ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904