ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਮੁੜ ਤੋਂ ਪੈਰ ਪਸਾਰ ਲਏ ਹਨ। ਰੋਜ਼ਾਨਾ ਅੰਕੜਿਆਂ 'ਚ ਇਜ਼ਾਫਾ ਹੋਣ ਲੱਗਾ ਹੈ। ਇਸ ਤੋਂ ਬਾਅਦ ਸਰਕਾਰਾਂ ਦੀ ਚਿੰਤਾ ਵੀ ਵਧ ਗਈ ਹੈ। ਅਜਿਹੇ 'ਚ ਫਿਰ ਤੋਂ ਕਿਆਸਰਾਈਆਂ ਤੇਜ਼ ਹੋ ਗਈਆਂ ਹਨ ਕਿ ਮੁੜ ਲੌਕਡਾਊਨ ਲੱਗ ਸਕਦਾ ਹੈ। ਜੇਕਰ ਦੇਸ਼ 'ਚ ਨਹੀਂ ਤਾਂ ਕੁਝ ਸੂਬਿਆਂ ਜਾਂ ਕੁਝ ਸ਼ਹਿਰਾਂ 'ਚ ਲੌਕਡਾਊਨ ਲੱਗ ਸਕਦਾ ਹੈ।
ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਦਿੱਲੀ ਦੇ ਮੁੱਖ ਮੰਤਰੀ ਨੇ ਸ਼ੁੱਕਰਵਾਰ ਇਕ ਹੰਗਾਮੀ ਬੈਠਕ ਸੱਦੀ। ਇਸ ਬੈਠਕ ਤੋਂ ਬਾਅਦ ਕੇਜਰੀਵਾਲ ਨੇ ਸਾਫ ਕੀਤਾ ਕਿ ਦਿੱਲੀ ਸਰਕਾਰ ਦਾ ਲੌਕਡਾਊਨ ਲਾਉਣ ਦਾ ਕੋਈ ਵਿਚਾਰ ਨਹੀਂ ਹੈ।
ਜੇਕਰ ਭਵਿੱਖ 'ਚ ਲੋੜ ਪਈ ਤਾਂ ਲੋਕਾਂ ਨਾਲ ਗੱਲਬਾਤ ਕਰਕੇ ਹੀ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ, 'ਦਿੱਲੀ ਨੇ ਸਭ ਤੋਂ ਜ਼ਿਆਦਾ ਮੁਸ਼ਕਿਲ ਕੋਰੋਨਾ ਦੀ ਸਥਿਤੀ ਨਾਲ ਨਜਿੱਠਿਆ ਹੈ। ਦੇਸ਼ 'ਚ ਇਹ ਕੋਰੋਨਾ ਦੀ ਦੂਜੀ ਲਹਿਰ ਹੋ ਸਕਦੀ ਹੈ ਪਰ ਦਿੱਲੀ ਲਈ ਚੌਥੀ ਲਹਿਰ ਹੈ।'
ਪੁਣੇ 'ਚ ਅੰਸ਼ਿਕ ਲੌਕਡਾਊਨ
ਮਹਾਰਾਸ਼ਟਰ ਦੇ ਪੁਣੇ 'ਚ ਅੰਸ਼ਿਕ ਲੌਕਡਾਊਨ ਲਾਇਆ ਗਿਆ ਹੈ। ਇਕ ਹਫਤੇ ਲਈ ਸ਼ਾਮ ਛੇ ਵਜੇ ਤੋਂ ਸਵੇਰ ਛੇ ਵਜੇ ਤਕ ਕਰਫਿਊ ਲਾਇਆ ਗਿਆ ਹੈ। ਹਰ ਤਰ੍ਹਾਂ ਦੇ ਮੌਲ ਤੇ ਸਿਨੇਮਾ ਹਾਲ, ਰੈਸਟੋਰੈਂਟ, ਖਾਣ ਦੀਆਂ ਦੁਕਾਨਾਂ ਆਦਿ ਬੰਦ ਰਹਿਣਗੀਆਂ। ਸਿਰਫ ਹੋਮ ਡਿਲੀਵਰੀ ਦੀ ਸੇਵਾ ਦਿੱਤੀ ਜਾਵੇਗੀ।
ਸਕੂਲ, ਕਾਲਜ 30 ਅਪ੍ਰੈਲ ਲਈ ਬੰਦ ਕਰ ਦਿੱਤੇ ਗਏ ਹਨ। ਪ੍ਰਸ਼ਾਸਨ, ਪੁਲਿਸ, ਸਿਹਤ ਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਸ਼ੁੱਕਰਵਾਰ ਸਵੇਰੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ 'ਚ ਸਮੀਖਿਆ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਮਤਲਬ ਵਧਦੇ ਕੋਰੋਨਾ ਦਾ ਪਹਿਲਾ ਰੁਝਾਣ ਉਸੇ ਪੁਣੇ ਤੋਂ ਮਿਲਿਆ ਜਿੱਥੇ ਸਭ ਤੋਂ ਜ਼ਿਆਦਾ ਵੈਕਸੀਨ ਬਣ ਰਹੀ ਹੈ। ਪਰ ਲਾਪਰਵਾਹੀ ਨਾਲ ਕੋਰੋਨਾ ਕੇਸ ਖੂਬ ਆ ਰਹੇ ਹਨ। ਸੱਚ ਤਾਂ ਇਹ ਹੈ ਕਿ ਜਿੰਨੇ ਕੇਸ ਹਿੰਦੋਸਤਾਨ 'ਚ ਆ ਰਹੇ ਹਨ ਉਸਦਾ ਅੱਧਾ ਹਿੱਸਾ ਤਾਂ ਮਹਾਰਾਸ਼ਟਰ ਤੋਂ ਹੀ ਪੂਰਾ ਹੋ ਰਿਹਾ ਹੈ।
ਅਜਿਹੇ 'ਚ ਸਰਕਾਰ ਲੌਕਡਾਊਨ ਬਾਰੇ ਸੋਚ ਤਾਂ ਸਕਦੀ ਹੈ ਪਰ ਸਹਿਯੋਗੀ ਪਾਰਟੀ ਸਾਥ ਨਹੀਂ ਦੇ ਰਹੀ। ਯਾਨੀ ਸਾਫ ਹੈ ਕਿ NCP ਨਹੀਂ ਚਾਹੁੰਦੀ ਕਿ ਫਿਰ ਤੋਂ ਲੌਕਡਾਊਨ ਲੱਗੇ। ਉਹ ਦੂਜੇ ਵਿਕਲਪਾਂ ਦੀ ਗੱਲ ਕਰ ਰਹੀ ਹੈ ਤੇ ਬੀਜੇਪੀ ਵੀ ਮਹਾਰਾਸ਼ਟਰ 'ਚ ਲੌਕਡਾਊਨ ਦੇ ਖਿਲਾਫ ਹੈ।
ਯੂਪੀ 'ਚ ਪ੍ਰਸ਼ਾਸਨ ਸਖ਼ਤ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਨੇ ਜਮਾਤ ਅੱਠਵੀਂ ਤਕ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ਨੂੰ 11 ਅਪ੍ਰੈਲ ਤਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਕੋਰੋਨਾ ਕਰਕੇ ਕੈਬਨਿਟ ਸਕੱਤਰ ਦੀ ਬੈਠਕ
ਕੈਬਨਿਟ ਸਕੱਤਰ ਰਾਜੀਵ ਗੌਬਾ ਨੇ ਕੋਰੋਨਾ ਦੀ ਸਥਿਤੀ ਤੇ ਸ਼ੁੱਕਰਵਾਰ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨਾਲ ਮਹੱਤਵਪੂਰਨ ਬੈਠਕ ਕੀਤੀ। ਇਸ ਦੌਰਾਨ ਵਿਸ਼ੇਸ਼ ਰੂਪ ਤੋਂ ਉਨ੍ਹਾਂ 11 ਸੂਬਿਆਂ ਦੇ ਹਾਲਾਤ 'ਤੇ ਚਰਚਾ ਕੀਤੀ ਗਈ, ਜਿੱਥੇ ਸਥਿਤੀ ਚਿੰਤਾਜਨਕ ਦੱਸੀ ਗਈ ਹੈ। ਇਨ੍ਹਾਂ ਸੂਬਿਆਂ 'ਚ ਮਹਾਰਾਸ਼ਟਰ, ਪੰਜਾਬ, ਦਿੱਲੀ, ਕਰਨਾਟਕ, ਛੱਤੀਸਗੜ੍ਹ, ਕੇਰਲ, ਗੁਜਰਾਤ, ਮੱਧ ਪ੍ਰਦੇਸ਼, ਹਰਿਆਣਾ, ਤਾਮਿਲਨਾਡੂ ਤੇ ਚੰਡੀਗੜ੍ਹ ਸ਼ਾਮਲ ਹੈ।
ਮਹਾਰਾਸ਼ਟਰ ਦੀ ਹਾਲਤ ਤੇ ਵਿਸ਼ੇਸ਼ ਰੂਪ ਤੋਂ ਚਿੰਤਾ ਜਤਾਈ ਗਈ। 31 ਮਾਰਚ ਤਕ ਦੇ ਅੰਕੜਿਆਂ ਦੇ ਮੁਤਾਬਕ ਪਿਛਲੇ 14 ਦਿਨਾਂ ਤੋਂ ਇਨ੍ਹਾਂ 11 ਸੂਬਿਆਂ 'ਚ ਕੋਰੋਨਾ ਦੇ 90 ਫੀਸਦ ਮਾਮਲੇ ਆਏ ਹਨ। ਉੱਥੇ ਹੀ ਕੁੱਲ 90.5 ਫੀਸਦ ਮੌਤਾਂ ਵੀ ਇਨ੍ਹਾਂ ਸੂਬਿਆਂ 'ਚ ਹੋਈਆਂ ਹਨ।
ਸਾਰੇ ਸੂਬਿਆਂ 'ਚ ਇਨਫੈਕਸ਼ਨ ਰੋਕਣ ਲਈ 8 ਸੂਤਰੀ ਕਦਮ ਚੁੱਕਣ ਨੂੰ ਕਿਹਾ ਗਿਆ ਹੈ। ਅਜਿਹੇ ਲੋਕ ਜਿੰਨ੍ਹਾਂ 'ਚ ਕੋਰੋਨਾ ਦੇ ਲੱਛਣ ਹਨ ਪਰ ਨੈਗੇਟਿਵ ਆਉਂਦੇ ਹਨ। ਉਨ੍ਹਾਂ ਦਾ RTPCR ਟੈਸਟ ਜ਼ਰੂਰੀ ਕੀਤਾ ਜਾਵੇ। ਇਨਫੈਕਟਡ ਵਿਅਕਤੀ ਦੇ ਸੰਪਰਕ 'ਚ ਆਏ 25-30 ਲੋਕਾਂ ਬਾਰੇ 72 ਘੰਟਿਆਂ ਦੇ ਅੰਦਰ ਪਤਾ ਲਾਇਆ ਜਾਵੇ ਤੇ ਉਨ੍ਹਾਂ ਦਾ ਟੈਸਟ ਕਰਵਾਇਆ ਜਾਵੇ। ਇਨਫੈਕਸ਼ਨ ਦਰ 5 ਫੀਸਦ ਜਾਂ ਉਸ ਤੋਂ ਘੱਟ ਲਿਆਉਣ ਲਈ ਟੈਸਟ 'ਚ ਵਾਧਾ ਕੀਤਾ ਜਾਵੇ। ਜਿੰਨ੍ਹੇ ਟੈਸਟ ਕੀਤੇ ਜਾਣ, ਉਨ੍ਹਾਂ 'ਚ ਘੱਟੋ ਘੱਟ 70 ਫੀਸਦ RTPCR ਟੈਸਟ ਕੀਤੇ ਜਾਣ।
ਇਨਫੈਕਟਡ ਵਿਅਕਤੀ ਨੂੰ ਤੁਰੰਤ ਆਇਸੋਲੇਸ਼ਨ 'ਚ ਪਾਇਆ ਜਾਵੇ। ਜੇਕਰ ਘਰ ਹੈ ਤਾਂ ਉਸਦੀ ਰੋਜ਼ਾਨਾ ਨਿਗਰਾਨੀ ਹੋਵੇ। ਲੋੜ ਪੈਣ 'ਤੇ ਮਰੀਜ਼ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਜਾਵੇ। ਕੰਟੇਨਮੈਂਟ ਜ਼ੋਨ ਤੇ ਮਾਇਕ੍ਰੋ ਕੰਟੇਨਮੈਂਟ ਜੋਨ ਬਣਾਏ ਜਾਣ ਤਾਂ ਕਿ ਇਨਫੈਕਸ਼ਨ ਦੀ ਚੇਨ ਟੁੱਟ ਸਕੇ।