ਨਵੀਂ ਦਿੱਲੀ: ਸੰਸਦ ਭਾਵਨ 'ਤੇ ਹੋਏ ਅੱਤਵਾਦੀ ਹਮਲੇ ਦੀ ਅੱਜ 16ਵੀਂ ਬਰਸੀ ਹੈ। ਅੱਜ ਤੋਂ 16 ਸਾਲ ਪਹਿਲਾਂ 13 ਦਸੰਬਰ 2001 ਨੂੰ ਜੈਸ਼-ਏ-ਮੁਹੰਮਦ ਦੇ ਪੰਜ ਅੱਤਵਾਦੀਆਂ ਨੇ ਸੰਸਦ 'ਤੇ ਹਮਲਾ ਕੀਤਾ ਸੀ। ਸੰਸਦ ਅੰਦਰ ਤੈਨਾਤ ਸੁਰੱਖਿਆ ਕਰਮੀਆਂ ਨੇ ਬੜੀ ਹੀ ਬਹਾਦੁਰੀ ਨਾਲ ਇਸ ਹਮਲੇ ਦਾ ਮੁਕਾਬਲਾ ਕੀਤਾ ਸੀ ਅਤੇ ਸਾਰੇ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ।


[embed]https://twitter.com/PIB_India/status/940818863100440579[/embed]

ਅੱਜ ਸਵੇਰੇ 11 ਵਜੇ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸੰਸਦ ਭਵਨ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਮੇਤ ਕਈ ਸੀਨੀਅਰ ਸੰਸਦ ਮੈਂਬਰਾਂ ਨੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਵੀ ਮੌਜੂਦ ਰਹੇ।

ਤੁਹਾਨੂੰ ਦੱਸ ਦੇਈਏ ਕਿ ਲੋਕਤੰਤਰ 'ਤੇ ਹੋਏ ਇਸ ਸਭ ਤੋਂ ਵੱਡੇ ਹਮਲੇ ਵਿੱਚ ਦਿੱਲੀ ਪੁਲਿਸ ਦੇ ਪੰਜ ਜਵਾਨ, ਸੀ.ਆਰ.ਪੀ.ਐੱਫ. ਦੀ ਇੱਕ ਮਹਿਲਾ ਸਿਪਾਹੀ ਅਤੇ ਸੰਸਦ ਦੇ ਦੋ ਗਾਰਡ ਸ਼ਹੀਦ ਹੋਏ ਸਨ।

ਇਸ ਹਮਲੇ ਦੇ ਮੁੱਖ ਆਰੋਪੀ ਅਫ਼ਜ਼ਲ ਗੁਰੂ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਨੂੰ ਬਾਅਦ ਵਿੱਚ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ। ਮੋਹੰਮਦ ਅਫ਼ਜ਼ਲ ਗੁਰੂ ਨੂੰ 9 ਫਰਵਰੀ 2013 ਨੂੰ ਸਵੇਰੇ ਦਿੱਲੀ ਦੀ ਤਿਹਾੜ ਜੇਲ ਵਿੱਚ ਫਾਂਸੀ ਤੇ ਲਟਕਾ ਦਿੱਤਾ ਗਿਆ ਸੀ।

13 ਦਸੰਬਰ ਨੂੰ ਕੀ ਹੋਇਆ ਸੀ?

13 ਦਸੰਬਰ 2001 ਨੂੰ ਜੈਸ਼-ਏ-ਮੋਹੰਮਦ ਦੇ ਪੰਜ ਅੱਤਵਾਦੀਆਂ ਨੇ ਲੋਕਤੰਤਰ ਦੇ ਸਭ ਤੋਂ ਵੱਡੇ ਮੰਦਿਰ ਯਾਨੀ ਸੰਸਦ ਭਵਨ 'ਤੇ ਹਮਲਾ ਕੀਤਾ ਸੀ। ਇਹ ਪੰਜ ਅੱਤਵਾਦੀ ਇੱਕ ਸਫੈਦ ਰੰਗ ਦੀ ਅੰਬੈਸੇਡਰ ਕਾਰ ਵਿੱਚ ਆਏ ਸਨ। ਦੇਸ਼ ਦੀ ਸੰਸਦ ਵਿੱਚ ਸਰਦ ਰੁੱਤ ਦਾ ਸੈਸ਼ਨ ਚੱਲ ਰਿਹਾ ਸੀ ਅਤੇ ਵਿਰੋਧੀ ਧਿਰ ਵਲੋਂ ਹੰਗਾਮਾ ਕੀਤਾ ਜਾ ਰਿਹਾ ਸੀ।

ਉਸ ਦੌਰਾਨ ਸੈਂਕੜੇ ਸੰਸਦ ਮੈਂਬਰਾਂ ਸਮੇਤ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਵਿਰੋਧੀ ਧਿਰ ਦੀ ਨੇਤਾ ਸੋਨੀਆ ਗਾਂਧੀ ਵੀ ਸੰਸਦ ਵਿੱਚ ਮੌਜੂਦ ਸੀ। ਅੱਤਵਾਦੀਆਂ ਦੀ ਇਸ ਫਾਇਰਿੰਗ ਨਾਲ ਕਈ ਜਵਾਨ ਸ਼ਹੀਦ ਹੋ ਗਏ ਸਨ। ਹਾਲਾਂਕਿ ਸੁਰੱਖਿਆ ਦਸਤਿਆਂ ਨੇ ਓਸੇ ਸਮੇਂ ਪੰਜਾਂ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।