ਵਾਰਾਨਸੀ : ਉੱਤਰ ਪ੍ਰਦੇਸ਼ ਦੇ ਚੰਦੌਲੀ ਤੇ ਵਾਰਾਨਸੀ ਜ਼ਿਲ੍ਹੇ ਦੀ ਸਰਹੱਦ 'ਤੇ ਬਾਬਾ ਜੈ ਗੁਰੂ ਦੇਵ ਜੈਅੰਤੀ 'ਤੇ ਆਯੋਜਿਤ ਸਮਾਗਮ ਦੌਰਾਨ ਪਰਿਕਰਮਾ ਕਰ ਰਹੇ ਸ਼ਰਧਾਲੂਆਂ 'ਚ ਮਚੀ ਭਗਦੜ 'ਚ 19 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਕਾਫੀ ਜ਼ਿਆਦਾ ਗਿਣਤੀ ਵਿੱਚ ਲੋਕ ਜ਼ਖਮੀ ਵੀ ਹੋਏ ਹਨ। ਯਾਦ ਰਹੇ ਕਿ ਵਾਰਾਨਸੀ ਪ੍ਰਧਾਨ ਮੰਤਰੀ ਦਾ ਸੰਸਦੀ ਚੋਣ ਖੇਤਰ ਹੈ ਅਤੇ ਇਸ ਲਈ ਉਨ੍ਹਾਂ ਟਵੀਟ ਕਰ ਕੇ ਹਾਦਸੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ। ਮਿਲੀ ਜਾਣਕਾਰੀ ਰਾਜਘਾਟ ਪੁਲ ਉੱਤੇ ਸਮਰੱਥਾ ਤੋਂ ਜ਼ਿਆਦਾ ਲੋਕਾਂ ਦਾ ਇਕੱਠ ਹੋਣ ਕਾਰਨ ਭਗਦੜ ਮੱਚ ਗਈ ਜਿਸ ਦੇ ਕਾਰਨ ਇਹ ਹਾਦਸਾ ਹੋ ਗਿਆ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀ ਨੂੰ 50-50 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਵਾਰਾਨਸੀ ਜ਼ੋਨ ਦੇ ਆਈ ਜੇ ਐਸ ਕੇ ਭਗਤ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ 3000 ਲੋਕਾਂ ਨੂੰ ਆਗਿਆ ਦਿੱਤੀ ਗਈ ਸੀ ਪਰ ਇਕੱਠ ਵਿੱਚ 70-90 ਹਜ਼ਾਰ ਲੋਕ ਸ਼ਾਮਲ ਹੋ ਗਏ ਜਿਸ ਕਾਰਨ ਉੱਥੇ ਭਗਦੜ ਮੱਚੀ ਅਤੇ 19 ਲੋਕਾਂ ਦੀ ਮੌਤ ਹੋ ਗਈ।