ਨਵੀਂ ਦਿੱਲੀ: ਮਿਸਾਈਲ ਮੈਨ ਵਜੋਂ ਜਾਣੇ ਜਾਂਦੇ ਦੇਸ਼ ਦੇ ਹਰਮਨ ਪਿਆਰੇ ਮਰਹੂਮ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਜੀ ਦੀ ਅੱਜ ਜਨਮਦਿਨ ਹੈ। ਕਲਾਮ ਨੇ ਹਮੇਸ਼ਾ ਸਾਦਗੀ ਭਰਿਆ ਜੀਵਨ ਜਿਉਂਇਆ। ਇਸ ਮਹਾਨ ਵਿਗਿਆਨੀ ਨੇ ਪੂਰੀ ਜ਼ਿੰਦਗੀ ਸਿੱਖਿਆ ਨੂੰ ਸਮਰਪਿਤ ਕੀਤੀ। ਸਾਹਿਤ 'ਚ ਰੁਚੀ ਰੱਖਣ ਵਾਲੇ ਕਲਾਮ ਦਾ ਪੂਰਾ ਨਾਂ ਅਬੁੱਲ ਪਾਕਿਰ ਜੈਨੁਲਾਬਦੀਨ ਅਬਦੁੱਲ ਕਲਾਮ ਸੀ। ਉਨ੍ਹਾਂ ਦਾ ਜਨਮ 15 ਅਕਤੂਬਰ 1931 ਨੂੰ ਤਾਮਿਲਨਾਡੂ ਦੇ ਇੱਕ ਛੋਟੇ ਜਿਹੇ ਪਿੰਡ ਧਨੁਸ਼ਕੋਡੀ 'ਚ ਹੋਇਆ ਸੀ। ਉਹ 25 ਜੁਲਾਈ 2002 ਤੋਂ 25 ਜੁਲਾਈ 2007 ਤੱਕ ਦੇਸ਼ ਦੇ ਰਾਸ਼ਟਰਪਤੀ ਰਹੇ ਤੇ 27 ਜੁਲਾਈ 2015 ਨੂੰ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ।
ਕਲਾਮ ਬਚਪਨ ਤੋਂ ਹੀ ਸਵੇਰੇ ਜਲਦੀ ਉੱਠ ਜਾਂਦੇ ਤੇ ਇਸ਼ਨਾਨ ਕਰਦਿਆਂ ਹੀ ਹਿਸਾਬ ਪੜ੍ਹਨ ਚਲੇ ਜਾਂਦੇ ਸਨ ਤੇ ਘਰ ਆ ਕੇ ਪਿਤਾ ਨਾਲ ਨਮਾਜ ਪੜ੍ਹਦੇ ਸਨ। ਉਹ ਇੱਕ ਸਧਾਰਨ ਪਰਿਵਾਰ 'ਚ ਪੈਦਾ ਹੋਏ ਸਨ ਜਿਸ ਕਾਰਨ ਆਪਣੀ ਸ਼ੁਰੂਆਤੀ ਪੜ੍ਹਾਈ ਪੂਰੀ ਕਰਨ ਲਈ ਕਲਾਮ ਨੂੰ ਘਰ-ਘਰ ਅਖਬਾਰ ਵੰਡਣ ਦਾ ਕੰਮ ਵੀ ਕਰਨਾ ਪਿਆ ਸੀ। ਕਲਾਮ ਕਹਿੰਦੇ ਸਨ ਕਿ ਸੁਪਨੇ ਸੱਚ ਹੋਣ, ਇਸ ਲਈ ਸੁਪਨੇ ਦੇਖਣਾ ਜ਼ਰੂਰੀ ਹੈ। ਸੁਪਨੇ ਸਿਰਫ ਉਹ ਨਹੀਂ ਹੁੰਦੇ ਜੋ ਤੁਸੀਂ ਸੁੱਤੇ ਹੋਏ ਦੇਖਦੇ ਹੋ, ਸਗੋਂ ਸੁਪਨੇ ਉਹ ਹੁੰਦੇ ਹਨ ਜੋ ਤੁਹਾਨੂੰ ਸੌਣ ਨਹੀਂ ਦਿੰਦੇ।
ਮਰਹੂਮ ਅਬਦੁਲ ਕਲਾਮ ਨੇ ਮਦਰਾਸ ਇੰਜੀਨੀਅਰਿੰਗ ਕਾਲਜ ਤੋਂ ਏਅਰੋਨਾਟਿਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਦੇਸ਼ ਦੇ ਪਹਿਲੇ ਸਵਦੇਸ਼ੀ ਉਪਗ੍ਰਹਿ ਪੀ.ਐੱਸ.ਐੱਲ.ਵੀ.-3 ਦੇ ਵਿਕਾਸ 'ਚ ਉਨ੍ਹਾਂ ਦਾ ਅਹਿਮ ਯੋਗਦਾਨ ਸੀ। ਇਸੇ ਨਾਲ ਹੀ ਅਗਨੀ ਅਤੇ ਪ੍ਰਿਥਵੀ ਵਰਗੀਆਂ ਮਿਜ਼ਾਈਲਾਂ ਭਾਰਤੀ ਤਕਨੀਕ ਨਾਲ ਬਣਾਈਆਂ। ਕਲਾਮ ਭਾਰਤ ਸਰਕਾਰ ਦੇ ਮੁੱਖ ਵਿਗਿਆਨੀ ਸਲਾਹਕਾਰ ਵੀ ਰਹੇ। 1982 'ਚ ਕਲਾਮ ਨੂੰ ਡੀ.ਆਰ.ਡੀ.ਐੱਲ. ਦਾ ਡਾਇਰੈਕਟਰ ਬਣਾਇਆ ਗਿਆ।
ਉਨ੍ਹਾਂ ਦੀਆਂ ਉਪਲੱਬਧੀਆਂ ਦੇ ਚੱਲਦੇ ਅੰਨਾ ਯੂਨੀਵਰਸਿਟੀ 'ਚ ਉਨ੍ਹਾਂ ਨੂੰ ਡਾਕਟਰ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ। 1998 'ਚ ਹੋਏ ਪੋਖਰਨ ਨਿਊਕਲੀਅਰ ਟੈਸਟ 'ਚ ਕਲਾਮ ਦੀ ਅਹਿਮ ਭੂਮਿਕਾ ਰਹੀ। ਉਨ੍ਹਾਂ ਨੂੰ 1981 'ਚ ਪਦਮ ਭੂਸ਼ਣ ਅਤੇ 1990 'ਚ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਗਿਆ। ਇਸ ਦੇ ਇਲਾਵਾ ਕਲਾਮ ਨੂੰ 1994 'ਚ ਆਰੀਆ ਭੱਟ ਪੁਰਸਕਾਰ ਅਤੇ 1997 'ਚ ਭਾਰਤ ਰਤਨ ਨਾਲ ਸਨਮਾਨਤ ਕੀਤਾ ਗਿਆ।