ਸ੍ਰੀਨਗਰ: ਜੰਮੂ ਕਸ਼ਮੀਰ 'ਚ ਇੱਕ ਵਾਰ ਫਿਰ ਅੱਤਵਾਦੀ ਹਮਲਾ ਹੋਇਆ ਹੈ। ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਕਾਫਲੇ 'ਤੇ ਅਚਾਨਕ ਅੰਧਾਧੁੰਦ ਫਾਇਰਿੰਗ ਸ਼ੁਰੂ ਕਰ ਦਿੱਤੀ। ਇਹ ਹਮਲਾ ਇੱਥੋਂ ਦੇ ਜ਼ਕੂਰਾ ਇਲਾਕੇ 'ਚ ਕੀਤਾ ਗਿਆ ਹੈ। ਇਸ ਦੌਰਾਨ ਇੱਕ ਜਵਾਨ ਸ਼ਹੀਦ ਹੋਇਆ ਹੈ ਜਦਕਿ ਅੱਠ ਲੋਕ ਜ਼ਖ਼ਮੀ ਹੋਏ ਹਨ। ਜ਼ਖਮੀਆਂ 'ਚ ਇੱਕ ਪੁਲੀਸ ਕਰਮੀ ਵੀ ਸ਼ਾਮਲ ਹੈ।



ਜਾਣਕਾਰੀ ਮੁਤਾਬਕ ਅੱਤਿਵਾਦੀਆਂ ਨੇ ਇਹ ਹਮਲਾ ਸੁਰੱਖਿਆ ਦਲ ਦੇ ਇਕ ਕਾਫਲੇ ’ਤੇ ਬੀਤੀ ਰਾਤ ਕੀਤਾ।  ਅੱਤਿਵਾਦੀਆਂ ਨੇ ਸ਼ਸਤਰ ਸੀਮਾ ਬਲ (ਐਸਐਸਬੀ) ਦੇ ਕਾਫਲੇ ’ਤੇ ਉਸ ਸਮੇਂ  ਹਮਲਾ ਕੀਤਾ ਜਦੋਂ ਜਵਾਨ ਸ਼ਹਿਰ 'ਚ ਗਸ਼ਤ ਖਤਮ ਕਰਨ ਮਗਰੋਂ ਆਪਣੇ ਕੈਂਪਾਂ 'ਚ ਪਰਤ ਰਹੇ ਸਨ। ਹਮਲਾ ਕਰਨ ਤੋਂ ਬਾਅਦ ਇਹ ਅੱਤਵਾਦੀ ਫਰਾਰ ਹੋ ਗਏ। ਇਸ ਮਗਰੋਂ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਇਹਨਾਂ ਅੱਤਿਵਾਦੀਆਂ ਦੀ ਭਾਲ ਲਈ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ।



ਇਸ ਹਮਲੇ ਦੀ ਜਿੰਮੇਵਾਰੀ ਅਲ-ਉਮਰ-ਮਜਾਹਿਦੀਨ ਨਾਮੀ ਅੱਤਵਾਦੀ ਜਥੇਬੰਦੀ ਨੇ ਲਈ ਹੈ। ਇਸ ਦਾ ਸਰਗਨਾ ਮੁਸ਼ਤਾਕ ਜਰਗਰ ਹੈ। ਜਰਗਰ ਮਸੂਦ ਅਜਹਰ ਦਾ ਕਰੀਬੀ ਮੰਨਿਆ ਜਾਂਦਾ ਹੈ। ਕੰਧਾਰ ਹਾਈਜੈਕ ਵੇਲੇ ਜਿਹੜੇ ਅੱਤਵਾਦੀਆਂ ਦੀ ਰਿਹਾਈ ਕੀਤੀ ਗਈ ਸੀ, ਉਨ੍ਹਾਂ 'ਚ ਜਰਗਰ ਵੀ ਸ਼ਾਮਲ ਸੀ।