ਨਵੀਂ ਦਿੱਲੀ : ਦਿੱਲੀ ਵਿੱਚ ਆਮ ਆਦਮੀ ਦੇ 27 ਵਿਧਾਇਕ ਕਸੂਤੇ ਫਸ ਸਕਦੇ ਹਨ। ਰਾਸ਼ਟਰਪਤੀ ਨੇ ਇਹਨਾਂ ਵਿਧਾਇਕਾਂ ਨੂੰ ਰੋਗੀ ਕਲਿਆਣ ਸਮਿਤੀ ਦਾ ਮੁਖੀ ਬਣਾਏ ਜਾਣ ਦੇ ਖ਼ਿਲਾਫ਼ ਦਾਖਲ ਪਟੀਸ਼ਨ ਨੂੰ ਚੋਣ ਕਮਿਸ਼ਨ ਦੇ ਕੋਲ ਜਾਂਚ ਦੇ ਲਈ ਭੇਜ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਖ਼ਿਲਾਫ਼ ਪਟੀਸ਼ਨ ਦਿੱਲੀ ਦੇ ਇੱਕ ਵਕੀਲ ਵਿਭੌਰ ਅਨੰਦ ਨੇ ਦਾਖਲ ਕੀਤੀ ਸੀ।
ਵਿਭੌਰ ਅਨੰਦ ਨੇ ਜੂਨ ਵਿੱਚ ਚੋਣ ਕਮਿਸ਼ਨ ਦੇ ਕੋਲ ਪਟੀਸ਼ਨ ਦਾਖਲ ਕੀਤੀ ਸੀ ਜਿਸ ਨੂੰ ਸਤੰਬਰ ਵਿੱਚ ਚੋਣ ਚੋਣ ਕਮਿਸ਼ਨ ਵੱਲੋਂ ਰਾਸ਼ਟਰਪਤੀ ਦੇ ਕੋਲ ਭੇਜਿਆ ਗਿਆ। ਰਾਸ਼ਟਰਪਤੀ ਨੇ ਮੁੜ ਤੋਂ ਜਾਂਚ ਦੇ ਲਈ ਇਸ ਨੂੰ ਚੋਣ ਕਮਿਸ਼ਨ ਕੋਲ ਭੇਜ ਦਿੱਤਾ ਹੈ। ਯਾਦ ਰਹੇ ਕਿ ਆਮ ਆਦਮੀ ਪਾਰਟੀ ਦੇ 21 ਵਿਧਾਇਕ ਪਹਿਲਾਂ ਹੀ ਲਾਭ ਦੇ ਅਹੁਦੇ ਨੂੰ ਲੈ ਕੇ ਫਸੇ ਹੋਏ ਹਨ।
ਇਸ ਦੀ ਸੁਣਵਾਈ ਚੋਣ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਹੈ। ਚੋਣ ਕਮਿਸ਼ਨ ਨੇ ਇਹਨਾਂ ਵਿਧਾਇਕਾਂ ਨੂੰ ਆਪਣਾ ਜਵਾਬ ਦੇਣ ਲਈ ਇੱਕ ਹਫ਼ਤੇ ਦਾ ਵਕਤ ਦਿੱਤਾ ਹੈ। ਇਸ ਮਾਮਲੇ ਵਿੱਚ ਹੁਣ ਤੱਕ ਸੱਤ ਤਾਰੀਖ਼ਾਂ ਪੈ ਚੁੱਕੀਆਂ ਹਨ ਪਰ ਆਪ ਵਿਧਾਇਕ ਵਾਰ ਵਾਰ ਕੋਈ ਨਾ ਕੋਈ ਦਲੀਲ ਦੇ ਕੇ ਸੁਣਵਾਈ ਨੂੰ ਲੰਮਾ ਖਿੱਚ ਰਹੇ ਹਨ।