ਲਖਨਊ: ਯੂਪੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਵੱਲੋਂ ਇਕੱਲੇ ਚੋਣ ਪ੍ਰਚਾਰ ਕਰਨ ਦੇ ਬਿਆਨ ਤੋਂ ਬਾਅਦ ਪਾਰਟੀ ਸੁਪਰੀਮੋ ਤੇ ਪਿਤਾ ਮੁਲਾਇਮ ਸਿੰਘ ਯਾਦਵ ਨੇ ਕਰੜੇ ਤੇਵਰ ਦਿਖਾਏ ਹਨ। ਮੁਲਾਇਮ ਨੇ ਅੱਜ ਖਰੀਆਂ-ਖਰੀਆਂ ਸੁਣਾਉਂਦਿਆਂ ਕਿਹਾ ਕਿ ਚੋਣਾਂ 'ਚ ਜਿੱਤ ਤੋਂ ਬਾਅਦ ਪਾਰਟੀ ਦੇ ਵਿਧਾਇਕ ਤੈਅ ਕਰਨਗੇ ਕਿ ਮੁੱਖ ਮੰਤਰੀ ਕੌਣ ਬਣੇਗਾ। ਹਾਲਾਂਕਿ ਪਿਛਲੇ ਦਿਨਾਂ ਤੋਂ ਚੱਲ ਰਹੇ ਪਰਿਵਾਰਕ ਕਲੇਸ਼ ਦੇ ਮੁੱਦੇ 'ਤੇ ਉਨ੍ਹਾਂ ਦਾਅਵਾ ਕੀਤਾ ਕਿ ਪਿਛਲੀਆਂ ਤਿੰਨ ਪੀੜੀਆਂ ਤੋਂ ਉਨ੍ਹਾਂ ਦੇ ਪਰਿਵਾਰ 'ਚ ਕੋਈ ਵਿਵਾਦ ਨਹੀਂ ਹੋਇਆ ਹੈ।

ਮੁਲਾਇਮ ਨੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਇਹ ਕਹਿ ਕਿ ਅਗਲਾ ਮੁੱਖ ਮੰਤਰੀ ਚੋਣਾਂ ਤੋਂ ਬਾਅਦ ਤੈਅ ਹੋਵੇਗਾ, ਆਪਣੇ ਸਖਤ ਤੇਵਰ ਦਿਖਾਏ ਹਨ। ਮੁਲਾਇਮ ਦਾ ਇਹ ਜਵਾਬ ਇਸ ਲਈ ਹੈਰਾਨ ਕਰਨ ਵਾਲਾ ਹੈ ਕਿਉਂਕਿ ਇਸ ਤੋਂ ਪਹਿਲਾਂ ਕਈ ਵਾਰ ਵਿਰੋਧ 'ਚ ਚੱਲ ਰਹੇ ਚਾਚਾ ਸ਼ਿਵਪਾਲ ਯਾਦਵ ਤੱਕ ਨੇ ਵੀ ਸਾਫ ਕੀਤਾ ਸੀ ਕਿ ਮੁੱਖ ਮੰਤਰੀ ਉਮੀਦਵਾਰ ਅਖਿਲੇਸ਼ ਹੀ ਹੋਣਗੇ। ਪਰ ਪਾਰਟੀ ਸੁਪਰੀਮੋ ਮੁਲਾਇਮ ਯਾਦਵ ਨੇ ਸਿੱਧੇ ਲਫਜ਼ਾਂ 'ਚ ਕਿਹਾ ਕਿ ਜਿੱਤ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਵਿਧਾਇਕ ਹੀ ਤੈਅ ਕਰਨਗੇ ਕਿ ਮੁੱਖ ਮੰਤਰੀ ਉਮੀਦਵਾਰ ਕੌਣ ਹੋਵੇਗਾ।