ਨਵੀਂ ਦਿੱਲੀ: ਕੋਰੋਨਾ ਨਾਲ ਭਾਰਤ ਵਿੱਚ ਹੁਣ ਤੱਕ 196 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ। ਇਹ ਖੁਲਾਸਾ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਕੀਤਾ ਹੈ। ਆਈਐਮਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਅਪੀਲ ਕੀਤੀ ਹੈ।


ਆਈਐਮਏ ਨੇ ਕੋਵਿਡ-19 ਖ਼ਿਲਾਫ਼ ਜੰਗ ਦੌਰਾਨ ਜਾਨਾਂ ਗੁਆਂ ਰਹੇ ਡਾਕਟਰਾਂ ਦੀ ਸੁਰੱਖਿਆ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ, ‘‘ਆਈਐਮਏ ਵਲੋਂ ਇਕੱਤਰ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਸਾਡੇ ਮੁਲਕ ਨੇ 196 ਡਾਕਟਰ ਗੁਆਏ ਹਨ, ਜਿਨ੍ਹਾਂ ਵਿੱਚੋਂ 170 ਡਾਕਟਰਾਂ ਦੀ ਉਮਰ 50 ਸਾਲ ਤੋਂ ਵੱਧ ਸੀ ਤੇ ਇਨ੍ਹਾਂ ਵਿੱਚ ਕਰੀਬ 40 ਫੀਸਦ ਜਨਰਲ ਪ੍ਰੈਕਟੀਸ਼ਨਰ ਸ਼ਾਮਲ ਸਨ।’’

ਆਈਐਮਏ ਨੇ ਕਿਹਾ ਕਿ ਜਨਰਲ ਪ੍ਰੈਕਟੀਸ਼ਨਰਾਂ ਦੀ ਗਿਣਤੀ ਇਸ ਕਰਕੇ ਜ਼ਿਆਦਾ ਹੈ ਕਿਉਂਕਿ ਬੁਖ਼ਾਰ ਤੇ ਹੋਰ ਸਬੰਧਤ ਲੱਛਣਾਂ ਵਾਲੇ ਜ਼ਿਆਦਾਤਰ ਮਰੀਜ਼ ਜਨਰਲ ਪ੍ਰੈਕਟੀਸ਼ਨਰਾਂ ਕੋਲ ਦਵਾਈ ਲੈਣ ਲਈ ਜਾਂਦੇ ਹਨ, ਜਿਸ ਕਰਕੇ ਉਨ੍ਹਾਂ ਨਾਲ ਮਰੀਜ਼ਾਂ ਦਾ ਪਹਿਲਾ ਸੰਪਰਕ ਹੁੰਦਾ ਹੈ।

ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਆਈਐਮਏ ਨੇ ਡਾਕਟਰਾਂ ਤੇ ਉਨ੍ਹਾਂ ਦੇ ਪਰਿਵਾਰਾਂ, ਜੋ ਜੋਖ਼ਮ ਦਾ ਵਿਸ਼ੇਸ਼ ਸਮੂਹ ਹਨ, ਲਈ ਲੋੜੀਂਦੀ ਸੰਭਾਲ ਯਕੀਨੀ ਬਣਾਉਣ ਤੇ ਸਾਰੇ ਵਰਗਾਂ ਦੇ ਡਾਕਟਰਾਂ ਨੂੰ ਸਰਕਾਰ ਵੱਲੋਂ ਮੈਡੀਕਲ ਤੇ ਜੀਵਨ ਬੀਮਾ ਸਹੂਲਤਾਂ ਦਿੱਤੇ ਜਾਣ ਦੀ ਮੰਗ ਕੀਤੀ।