ਨਵੀਂ ਦਿੱਲੀ: ਭਾਰਤ 'ਚ ਕਿਸਾਨੀ ਦੇ ਬੁਰੇ ਹਾਲਾਤਾਂ ਨੂੰ ਸੁਧਾਰਨ ਲਈ ਕੇਂਦਰ ਸਰਕਾਰ ਵਲੋਂ ਵੱਡੇ-ਵੱਡੇ ਐਲਾਨ ਕੀਤੇ ਜਾਂਦੇ ਹਨ। ਕਿਸਾਨੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ‘ਖੇਤੀਬਾੜੀ ਬੁਨਿਆਦੀ ਢਾਂਚਾ ਫੰਡ’ ਤਹਿਤ 1 ਲੱਖ ਕਰੋੜ ਰੁਪਏ ਦੀ ਵਿੱਤ ਸਹੂਲਤ ਦੀ ਸ਼ੁਰੂਆਤ ਕਰਨਗੇ। ਉਹ 'ਪ੍ਰਧਾਨ ਮੰਤਰੀ-ਕਿਸਾਨ ਯੋਜਨਾ' ਤਹਿਤ 8.5 ਕਰੋੜ ਕਿਸਾਨਾਂ ਨੂੰ 17,000 ਕਰੋੜ ਰੁਪਏ ਦੀ ਛੇਵੀਂ ਕਿਸ਼ਤ ਵੀ ਜਾਰੀ ਕਰਨਗੇ।


ਕੇਂਦਰੀ ਮੰਤਰੀ ਮੰਡਲ ਨੇ 1 ਲੱਖ ਕਰੋੜ ਰੁਪਏ ਦੇ ‘ਐਗਰੀਕਲਚਰ ਇਨਫਰਾਸਟਰਕਚਰ ਫੰਡ’ ਤਹਿਤ ਫੰਡਿੰਗ ਸਹੂਲਤ ਲਈ ਕੇਂਦਰੀ ਸੈਕਟਰ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੰਡ 'ਵਾਢੀ ਤੋਂ ਬਾਅਦ ਫਸਲ ਪ੍ਰਬੰਧਨਢਾਂਚੇ' ਤੇ 'ਕਮਿਊਨਿਟੀ ਖੇਤੀਬਾੜੀ ਸੰਪੱਤੀਆਂ' ਜਿਵੇਂ ਕਿ ਕੋਲਡ ਸਟੋਰੇਜ, ਕੁਲੈਕਸ਼ਨ ਸੈਂਟਰ, ਪ੍ਰੋਸੈਸਿੰਗ ਯੂਨਿਟ (ਪ੍ਰੋਸੈਸਿੰਗ ਯੂਨਿਟ) ਦੇ ਨਿਰਮਾਣ ਨੂੰ ਉਤਪੰਨ ਕਰੇਗਾ।




ਦਰਅਸਲ, ਇਹ ਜਾਇਦਾਦ ਕਿਸਾਨਾਂ ਨੂੰ ਆਪਣੀ ਪੈਦਾਵਾਰ ਨੂੰ ਉੱਚ ਕੀਮਤਾਂ 'ਤੇ ਵੇਚਣ, ਬਰਬਾਦੀ ਨੂੰ ਘਟਾਉਣ ਤੇ ਪ੍ਰੋਸੈਸਿੰਗ ਤੇ ਮੁੱਲ ਵਧਾਉਣ ਦੇ ਯੋਗ ਕਰੇਗੀ। ਜਨਤਕ ਖੇਤਰ ਦੇ 12 ਬੈਂਕਾਂ 'ਚੋਂ 11 ਬੈਂਕਾਂ ਨੇ ਪਹਿਲਾਂ ਹੀ ਖੇਤੀਬਾੜੀ ਸਹਿਕਾਰਤਾ ਤੇ ਕਿਸਾਨ ਭਲਾਈ ਵਿਭਾਗ ਨਾਲ ਸਮਝੌਤੇ ਸਹੀਬੰਦ ਕੀਤੇ ਹਨ। ਇਨ੍ਹਾਂ ਪ੍ਰਾਜੈਕਟਾਂ ਦੀ ਵਿਹਾਰਕਤਾ ਜਾਂ ਮੁਨਾਫਾਬੱਧਤਾ ਵਧਾਉਣ ਲਈ ਲਾਭਪਾਤਰੀਆਂ ਨੂੰ 3% ਵਿਆਜ ਸਬਸਿਡੀ ਤੇ 2 ਕਰੋੜ ਰੁਪਏ ਤੱਕ ਦੀ ਕਰਜ਼ੇ ਦੀ ਗਰੰਟੀ ਦਿੱਤੀ ਜਾਵੇਗੀ।