ਚੰਡੀਗੜ੍ਹ: ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵੱਲੋਂ ਕੱਲ੍ਹ 1984 ਸਿੱਖ ਕਤਲੇਆਮ ਦੇ ਦੋ ਦੋਸ਼ੀਆਂ ਨੂੰ ਸਜ਼ਾ ਸੁਣਾਏ ਜਾਣ ਬਾਅਦ ਅੱਜ ਬੀਜੇਪੀ ਨੇ ਕਾਂਗਰਸ ’ਤੇ ਤਿੱਖਾ ਵਾਰ ਕੀਤਾ ਹੈ। ਬੀਜੇਪੀ ਦੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ 35 ਸਾਲਾਂ ਵਿੱਚ ਕਾਂਗਰਸ ਨੇ ਪੂਰੀ ਕੋਸ਼ਿਸ਼ ਕੀਤੀ ਕਿ ਕਤਲੇਆਮ ਦੇ ਦੋਸ਼ੀਆਂ ’ਤੇ ਕੋਈ ਕਾਰਵਾਈ ਨਾ ਹੋਏ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਯੋਜਨਾਬੱਧ ਤਰੀਕੇ ਨਾਲ ਦੋਸ਼ੀਆਂ ਦਾ ਬਚਾਅ ਕੀਤਾ ਤੇ ਪੀੜਤਾਂ ਦੇ ਇਨਸਾਫ਼ ਦੇ ਰਾਹ ਵਿੱਚ ਅੜਿੱਕਾ ਡਾਹਿਆ।

ਪ੍ਰਸਾਦ ਨੇ ਕਿਹਾ ਕਿ ਇੰਦਰਾ ਗਾਂਧੀ ਦੀ ਮੌਤ ਦੇ ਬਾਅਦ ਰਾਜੀਵ ਗਾਂਧੀ ਦੇ ਬੋਹੜ ਵਾਲੇ ਬਿਆਨ ਨੇ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਦਾ ਕੰਮ ਕੀਤਾ। ਜ਼ਿਕਰਯੋਗ ਹੈ ਕਿ ਇੰਦਰਾ ਗਾਂਧੀ ਦੇ ਮੌਤ ਬਾਅਦ ਉਨ੍ਹਾਂ ਦੀ ਪਹਿਲੀ ਬਰਸੀ ’ਤੇ ਇੰਡੀਆ ਗੇਟ ’ਤੇ ਸਭਾ ਹੋਈ ਸੀ ਜਿਸ ਵਿੱਚ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਜਦੋਂ ਬੋਹੜ ਡਿੱਗਦਾ ਹੈ ਤਾਂ ਧਰਤੀ ਤਾਂ ਹਿੱਲਦੀ ਹੀ ਹੈ, ਯਾਨੀ ਕਿ ਕੁਝ ਗਲਤ ਨਹੀਂ ਹੋਇਆ।

ਪ੍ਰਸਾਦ ਨੇ ਕਿਹਾ ਕਿ ਕਾਂਗਰਸ ਨੇ ਅੱਜ ਤਕ ਆਪਣੇ ਆਪ ਨੂੰ ਰਾਜੀਵ ਗਾਂਧੀ ਦੇ ਬਿਆਨ ਤੋਂ ਵੱਖਰਿਆਂ ਨਹੀਂ ਕੀਤਾ। ਇਨਸਾਨੀਅਤ ਦਾ ਤਕਾਜ਼ਾ ਸੀ ਕਿ ਪੀੜਤਾਂ ਨੂੰ ਇਨਸਾਫ ਮਿਲੇ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਦਬਾਅ ਪੈਣ ਪਿੱਛੋਂ ਆਪਣੇ ਬਿਆਨ ’ਤੇ ਅਫ਼ਸੋਸ ਜਤਾਇਆ ਪਰ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੇ ਇਸ ’ਤੇ ਕੁਝ ਨਹੀਂ ਕਿਹਾ। ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਉਹ ਅਦਾਲਤ ਦੇ ਇਸ ਫੈਸਲੇ ਦੇ ਨਾਲ ਸੰਤੁਸ਼ਟ ਹਨ ਪਰ ਅੱਜ ਦੇਸ਼ ਨੂੰ ਦੱਸਣ ਦੀ ਜ਼ਰੂਰਤ ਹੈ ਕਿ ਕਾਂਗਰਸ ਦੀ ਸਰਕਾਰ ਨੇ ਆਪਣਿਆਂ ਨੂੰ ਬਚਾਇਆ ਤੇ ਪੂਰੀ ਕੋਸ਼ਿਸ਼ ਕੀਤੀ ਕਿ ਪੀੜਤਾਂ ਨੂੰ ਇਨਸਾਫ ਨਾ ਮਿਲੇ।