ਨਵੀਂ ਦਿੱਲੀ: ਦੇਸ਼ ਵਿੱਚ ਭੀੜ ਵੱਲੋਂ ਕੁੱਟਮਾਰ ਕਰਕੇ ਕਤਲ (ਮੌਬ ਲਿੰਚਿੰਗ) ਦੀਆਂ ਘਟਨਾਵਾਂ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਕਿਹਾ ਕਿ 1984 ਵਿੱਚ ਸਿੱਖ ਕਤਲੇਆਮ ਮੌਬ ਲਿੰਚਿੰਗ ਦੀ ਸਭ ਤੋਂ ਵੱਡੀ ਘਟਨਾ ਸੀ। ਬੇਭਰੋਸਗੀ ਮਤੇ ਸਬੰਧੀ ਚਰਚਾ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਅਜਿਹੀਆਂ ਘਟਨਾਵਾਂ ’ਤੇ ਲਗਾਮ ਲਾਉਣ ਲਈ ਹਰ ਸੰਭਵ ਮਦਦ ਕਰੇਗੀ ਪਰ ਸੂਬਾ ਸਰਕਾਰਾਂ ਨੂੰ ਵੀ ਅਜਿਹੀਆਂ ਘਟਨਾਵਾਂ ਖਿਲਾਫ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਤੋਂ ਇਲਾਵਾ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਵੀ ਕਿਹਾ ਕਿ 1984 ਵਿੱਚ ਸਿੱਖਾਂ ਨਾਲ ਜੋ ਹੋਇਆ, ਉਹ ਇਸ ਦੇਸ਼ ਦੇ ਇਤਿਹਾਸ ਦੀ ਸਭ ਤੋਂ ਵੱਡੀ ਮੌਬ ਲਿੰਚਿੰਗ ਸੀ।

31 ਅਕਤੂਰ 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਬਾਅਦ ਭੜਕੇ ਸਿੱਖ ਵਿਰੋਧੀ ਦੰਗੇ ਦਾ ਜ਼ਿਕਰ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ 1984 ਦੀ ਘਟਨਾ ਸਭ ਤੋਂ ਵੱਡੀ ਮੌਬ ਲਿੰਚਿੰਗ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਮਾਮਲੇ ਸਬੰਧੀ SIT ਗਠਿਤ ਕੀਤੀ ਹੈ ਤੇ ਸਿੱਖਾਂ ਨੂੰ ਨਿਆਂ ਜ਼ਰੂਰ ਮਿਲੇਗਾ।

ਇਸ ਤੋਂ ਇਲਾਵਾ ਗ੍ਰਹਿ ਮੰਤਰੀ ਨੇ ਨੋਟਬੰਦੀ, ਆਂਧਰਾ ਪ੍ਰਦੇਸ਼ ਤੇ ਹੋਰ ਕਈ ਮੁੱਦਿਆਂ ’ਤੇ ਗੱਲ ਕੀਤੀ ਪਰ ਇਸ ਦੌਰਾਨ ਉਨ੍ਹਾਂ ਗੁਜਰਾਤ ਦੰਗਿਆਂ ਬਾਰੇ ਕੁਝ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਮੁੱਦਿਆਂ ਵਿੱਚ ਕੇਂਦਰ ਜ਼ਰੂਰੀ ਮਦਦ ਕਰੇਗਾ।

ਜਿੱਥੇ ਇੱਕ ਪਾਸੇ ਸਰਕਾਰਾਂ ਮੌਬ ਲਿੰਚਿੰਗ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਬਾਰੇ ਸਖ਼ਤੀ ਨਾਲ ਕਾਰਵਾਈ ਕਰਨ ਦੀ ਗੱਲ ਕਹਿ ਰਹੀਆਂ ਹਨ ਉੱਥੇ ਅੱਜ ਸਵੇਰੇ ਹੀ ਗਊ ਰੱਖਿਆ ਦ ਨਾਂ ’ਤੇ ਇੱਕ ਵਾਰ ਫਿਰ ਭੀੜ ਨੇ ਇੱਕ ਵਿਅਕਤੀ ਨੂੰ ਕਥਿਤ ਤੌਰ ’ਤੇ ਮੌਤ ਦੇ ਘਾਟ ਉਤਾਰ ਦਿੱਤਾ। ਖ਼ਬਰ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਅਲਵਰ ਦੇ ਰਾਮਗੜ੍ਹ ਇਲਾਕੇ ਦੇ ਪਿੰਡ ਲੱਲਾਵੰਡੀ ਵਿੱਚ ਗਊ ਤਸਕਰ ਹੋਣ ਦੇ ਸ਼ੱਕ ਵਿੱਚ ਭੀੜ ਨੇ ਅਕਬਰ ਨਾਂ ਦੇ ਇੱਕ ਵਿਅਕਤੀ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਮੌਤ ਹੋ ਗਈ।

ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਉਕਤ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਆਪਣੇ ਤਰ੍ਹਾਂ ਦੀ ਕੋਈ ਪਹਿਲੀ ਘਟਨਾ ਨਹੀਂ ਹੈ। 1984 ਵਿੱਚ ਸਿੱਖਾਂ ਨਾਲ ਜੋ ਹੋਇਆ, ਉਹ ਇਸ ਦੇਸ਼ ਦਿ ਇਤਿਹਾਸ ਦੀ ਸਭ ਤੋਂ ਵੱਡੀ ਮੌਬ ਲਿੰਚਿੰਗ ਸੀ।