ਨਵੀਂ ਦਿੱਲੀ: ਦੇਸ਼ ਦੇ ਏਟੀਐਮ ਚਲਾਉਣ ਵਾਲੀ ਸਨਅਤ ਨੇ ਐਲਾਨ ਕੀਤਾ ਹੈ ਕਿ ਏਟੀਐਮ ਮਸ਼ੀਨਾਂ ਵਿੱਚ 100 ਰੁਪਏ ਦਾ ਨਵਾਂ ਨੋਟ ਫਿੱਟ ਕਰਨ ਲਈ ਉਸ ਨੂੰ 100 ਕਰੋੜ ਰੁਪਏ ਦਾ ਵਾਧੂ ਨਿਵੇਸ਼ ਕਰਨਾ ਪਵੇਗਾ।
ਦੇਸ਼ ਵਿੱਚ ਚਾਲੂ ਤਕਰੀਬਨ ਢਾਈ ਲੱਖ ਏਟੀਐਮ ਮਸ਼ੀਨਾਂ ਵਿੱਚੋਂ 100 ਰੁਪਏ ਦੇ ਨਵੇਂ ਨੋਟ ਦੀ ਨਿਕਾਸੀ ਲਈ ਕਾਫੀ ਤਬਦੀਲੀਆਂ ਕਰਨੀਆਂ ਪੈਣਗੀਆਂ। ਹਿਟਾਚੀ ਪੇਅਮੈਂਟ ਸਰਵਿਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਸ਼ੀਨਾਂ ਨੂੰ ਨਵੇਂ ਨੋਟ ਮੁਤਾਬਕ ਢਾਲਣ ਲਈ ਇੱਕ ਸਾਲ ਦਾ ਸਮਾਂ ਲੱਗੇਗਾ।
ਭਾਰਤੀ ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਜਾਮਣੀ (ਲੈਵੇਂਡਰ) ਰੰਗ ਦੇ 100 ਰੁਪਏ ਦਾ ਨਵਾਂ ਨੋਟ ਜਾਰੀ ਕਰਨ ਦਾ ਐਲਾਨ ਕੀਤਾ ਸੀ। ਕੇਂਦਰੀ ਬੈਂਕ ਨੇ ਇਹ ਵੀ ਕਿਹਾ ਸੀ ਕਿ ਨਵੇਂ ਦੇ ਨਾਲ-ਨਾਲ ਪੁਰਾਣੀ ਕਰੰਸੀ ਦੇ 100 ਰੁਪਏ ਦੇ ਨੋਟ ਵੀ ਚਾਲੂ ਰਹਿਣਗੇ। ਦੋਵਾਂ ਨੋਟਾਂ ਨੂੰ ਚਾਲੂ ਰੱਖਣ ਨਾਲ ਹੀ ਏਟੀਐਮ ਪ੍ਰਬੰਧਨ ਲਾਗਤ ਵਧ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨੋਟਬੰਦੀ ਤੋਂ ਬਾਅਦ 2000 ਤੇ 500 ਰੁਪਏ ਦੇ ਜਾਰੀ ਕੀਤੇ ਨਵੇਂ ਨੋਟਾਂ ਨੂੰ ਏਟੀਐਮ ਵਿੱਚੋਂ ਸਹੀ ਤਰੀਕੇ ਨਾਲ ਕੱਢੇ ਜਾਣ ਲਈ ਵੀ ਕਰੋੜਾਂ ਰੁਪਏ ਦਾ ਖ਼ਰਚ ਹੋਏ ਸਨ।