ਅਲਵਰ: ਗਊ ਰੱਖਿਆ ਦ ਨਾਂ ’ਤੇ ਇੱਕ ਵਾਰ ਫਿਰ ਭੀੜ ਨੇ ਇੱਕ ਵਿਅਕਤੀ ਨੂੰ ਕਥਿਤ ਤੌਰ ’ਤੇ ਮੌਤ ਦੇ ਘਾਟ ਉਤਾਰ ਦਿੱਤਾ। ਖ਼ਬਰ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਅਲਵਰ ਦੇ ਰਾਮਗੜ੍ਹ ਇਲਾਕੇ ਦੇ ਪਿੰਡ ਲੱਲਾਵੰਡੀ ਵਿੱਚ ਗਊ ਤਸਕਰ ਹੋਣ ਦੇ ਸ਼ੱਕ ਵਿੱਚ ਭੀੜ ਨੇ ਅਕਬਰ ਨਾਂ ਦੇ ਇੱਕ ਵਿਅਕਤੀ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਪਰ ਅਜੇ ਤਕ ਇਸ ਮਾਮਲੇ ਸਬੰਧੀ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਬੀਤੇ ਦਿਨ ਸੰਸਦ ਵਿੱਚ ਮੌਬ ਲਿੰਚਿੰਗ ਦੇ ਮੁੱਦੇ 'ਤੇ ਕਾਂਗਰਸ ਨੂੰ ਖ਼ੂਬ ਘੇਰਿਆ ਸੀ। ਰਾਜਨਾਥ ਨੇ ਕਿਹਾ ਕਿ ਸੀ ਕਿ 1984 ਦਾ ਸਿੱਖ ਕਤਲੇਆਮ ਸਭ ਤੋਂ ਵੱਡੀ ਮੌਬ ਲਿੰਚਿੰਗ ਸੀ ਜੋ ਕਾਂਗਰਸ ਦੇ ਰਾਜ ਵਿੱਚ ਹੋਈ।

ਅਲਵਰ ਦੇ ਐਸਐਸਪੀ ਅਨਿਲ ਬੈਨੀਵਾਲ ਨੇ ਦੱਸਿਆ ਕਿ ਇਹ ਸਾਫ ਨਹੀਂ ਹੈ ਕਿ ਮਰਨ ਵਾਲਾ ਸ਼ਖ਼ਸ ਗਊ ਤਸਕਰ ਸੀ ਜਾਂ ਨਹੀਂ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਉਹ ਦੋਸ਼ੀਆਂ ਦੀ ਪਛਾਣ ਕਰ ਰਹੇ ਹਨ ਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ।

ਜਾਣਕਾਰੀ ਮੁਤਾਬਕ ਹਰਿਆਣਾ ਦਾ ਪਿੰਡ ਕੋਲ ਨਿਵਾਸੀ ਅਕਬਰ ਤੇ ਉਸਦਾ ਇੱਕ ਸਾਥੀ ਅਸਲਮ ਦੋ ਗਊਆਂ ਲੈ ਕੇ ਪੈਦਲ ਜਾ ਰਹੇ ਸੀ। ਇਸੇ ਦੌਰਾਨ ਉਨ੍ਹਾਂ ਨੂੰ ਸਥਾਨਕ ਲੋਕਾਂ ਨੇ ਘੇਰ ਲਿਆ। ਅਸਲਮ ਤਾਂ ਭੀੜ ਤੋਂ ਛੁੱਟ ਗਿਆ ਪਰ ਅਕਬਰ ਨੂੰ ਭੀੜ ਨੇ ਕੁੱਟ-ਕੁੱਟ ਕੇ ਜਾਨੋਂ ਮਾਰ ਦਿੱਤਾ।

ਵਿਰੋਧੀਆਂ ਮੋਦੀ ’ਤੇ ਕੱਸਿਆ ਨਿਸ਼ਾਨਾ

ਇਸ ਘਟਨਾ ਸਬੰਧੀ ਏਆਈਐਮਆਈਐਮ ਲੀਡਰ ਅਸੁੱਦੀਨ ਓਵੈਸੀ ਨੇ ਮੋਦੀ ਸਰਕਾਰ ’ਤੇ ਨਿਸ਼ਾਨਾ ਲਾਉਂਦਿਆ ਮੋਦੀ ਰਾਜ ਨੂੰ ‘ਲਿੰਚ ਰਾਜ’ ਕਰਾਰ ਦਿੱਤਾ ਹੈ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਸੰਵਿਧਾਨ ਦੇ ਅਨੁਸ਼ੇਦ 21 ਤਹਿਤ ਗਾਂ ਨੂੰ ਜੀਊਣ ਦਾ ਮੌਲਿਕ ਅਧਿਕਾਰ ਹੈ ਤੇ ਇਸ ਦੇ ਨਾਂ ’ਤੇ ਮੁਸਲਿਮ ਦਾ ਕਤਲ, ਉਨ੍ਹਾਂ ਕੋਲ ਜੀਊਣ ਦਾ ਅਧਿਕਾਰ ਨਹੀਂ ਹੈ। ਚਾਰ ਸਾਲ ਮੋਦੀ ਦਾ ਰਾਜ- ਲਿੰਚ ਰਾਜ।



ਯਾਦ ਰਹੇ ਕਿ ਅਜੇ ਕੱਲ੍ਹ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਸਭਾ ਵਿੱਚ ਬੇਵਿਸਾਹੀ ਮਤੇ ਦੌਰਾਨ ਹੋਈ ਚਰਚਾ ਵਿੱਚ ਕੁੱਟ-ਕੁੱਟ ਕੇ ਕਤਲ (ਲਿੰਚਿੰਗ) ਬਾਰੇ ਕਿਹਾ ਸੀ ਕਿ ਇਸ ਨੂੰ ਹਰਗਿਜ਼ ਸਵੀਕਾਰ ਨਹੀਂ ਕੀਤਾ ਜਾਏਗਾ। ਉਨ੍ਹਾਂ ਸੂਬਾ ਸਰਕਾਰਾਂ ਨੂੰ ਇਸ ਸਬੰਧੀ ਸਖ਼ਤ ਕਾਰਵਾਈ ਕਰਨ ਲਈ ਕਿਹਾ ਸੀ।



ਸੁਪਰੀਮ ਕੋਰਟ ਨੇ ਵੀ ਭੀੜ ਵੱਲੋਂ ਲਿੰਚਿੰਗ ਦੇ ਮੁੱਦੇ ’ਤੇ ਪਿਛਲੇ ਦਿਨੀਂ ਸਖ਼ਤ ਟਿੱਪਣੀ ਦਿੰਦਿਆਂ ਕਿਹਾ ਸੀ ਕਿ ਭੀੜਤੰਤਰ ਦੀ ਕਾਰਵਾਈ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਸ ਸਬੰਧੀ ਕੋਰਟ ਨੇ ਸੰਸਦ ਨੂੰ ਵੀ ਸਖ਼ਤ ਕਾਨੂੰਨ ਬਣਾਉਣ ਲਈ ਕਿਹਾ ਸੀ।

ਦੱਸਿਆ ਜਾਂਦਾ ਹੈ ਕਿ ਅਲਵਰ ਵਿੱਚ ਗਊ ਰੱਖਿਆ ਦੇ ਨਾਂ ’ਤੇ ਕਈ ਲੋਕਾਂ ਦਾ ਜਾਨ ਗਈ ਹੈ। ਪਿਛਲੇ ਸਾਲ ਅਪ੍ਰੈਲ ਵਿੱਚ ਅਲਵਰ ਜ਼ਿਲ੍ਹੇ ਵਿੱਚ ਹੀ ਗਊ ਰਾਖਿਆਂ ਨੇ ਗਊ ਤਸਕਰੀ ਦੇ ਸ਼ੱਕ ਵਿੱਚ ਪਹਿਲੂ ਖਾਨ ਨਾਂ ਦੇ ਸ਼ਖ਼ਸ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ। ਇਸ ਦੇ ਬਾਅਦ ਇਸੇ ਜ਼ਿਲ੍ਹੇ ਵਿੱਚ ਹੀ ਨਵੰਬਰ ਵਿੱਚ ਇੱਕ ਕਿਸਾਨ ਉਮਰ ਖਾਨ ਦੀ ਵੀ ਇਸੇ ਤਰੀਕੇ ਜਾਨ ਚਲੀ ਗਈ ਸੀ।