ਨਵੀਂ ਦਿੱਲੀ: ਲੋਕ ਸਭਾ ਵਿੱਚ ਮੋਦੀ ਸਰਕਾਰ ਵਿਰੁੱਧ ਬੇਭਰੋਸਗੀ ਮਤੇ 'ਤੇ ਜ਼ੋਰਦਾਰ ਬਹਿਸ ਦੌਰਾਨ ਕਾਂਗਰਸ ਦੇ ਕੌਮੀ ਪ੍ਰਧਾਨ ਦੀ ਹਰਕਤ ਨੇ ਸੱਤਾਧਾਰੀ ਧਿਰ ਨੂੰ ਤਓਣੀਆਂ ਲਿਆ ਦਿੱਤੀਆਂ। ਰਾਹੁਲ ਗਾਂਧੀ ਨੇ ਆਪਣਾ ਭਾਸ਼ਣ ਖ਼ਤਮ ਕਰਦਿਆਂ ਸੰਸਦ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜੱਫੀ ਪਾ ਲਈ।

ਉਨ੍ਹਾਂ ਦੀ ਇਸ ਹਰਕਤ ਦਾ ਟਾਕਰਾ ਕਰਨ ਲਈ ਬੀਜੇਪੀ ਤੇ ਉਸ ਦੀਆਂ ਮਿੱਤਰ ਪਾਰਟੀਆਂ ਨੇ ਧੜਾਧੜ ਬਿਆਨ ਦਿੱਤੇ ਪਰ ਚਰਚਾ ਫਿਰ ਵੀ ਰਾਹੁਲ ਗਾਂਧੀ ਦੀ ਹੀ ਹੋ ਰਹੀ ਹੈ। ਇਸੇ ਕੜੀ ਵਿੱਚ ਹਰਸਿਮਰਤ ਕੌਰ ਬਾਦਲ ਨੇ ਵੀ ਰਾਹੁਲ ਗਾਂਧੀ 'ਤੇ ਨਿਸ਼ਾਨਾ ਲਾਇਆ ਹੈ।

ਹਰਸਿਮਰਤ ਬਾਦਲ ਨੇ ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਨੂੰ ਜੱਫੀ ਪਾਉਣਾ ਉੱਕਾ ਹੀ ਰਾਸ ਨਹੀਂ ਆਇਆ। ਬਾਦਲ ਨੇ ਕਿਹਾ ਕਿ ਮੈਨੂੰ ਵੀ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਹੈ, ਯੇ ਸੰਸਦ ਹੈ, ਕੋਈ ਮੁੰਨਾ ਭਾਈ ਦੀ ਪੱਪੀ-ਜੱਫੀ ਹੈ ਕਿਆ..?


ਇਸ ਤੋਂ ਇਲਾਵਾ ਪੰਜਾਬ ਤੋਂ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਇਹ ਹਰਕਤ ਬਚਕਾਨਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੱਖਰਾ ਰੁਤਬਾ ਹੁੰਦਾ ਹੈ। ਕਾਂਗਰਸ ਪ੍ਰਧਾਨ ਦਾ ਅਜਿਹੀ ਹਰਕਤ ਕਰਨਾ ਸ਼ੋਭਾ ਨਹੀਂ ਦਿੰਦਾ।


ਰਾਹੁਲ ਗਾਂਧੀ 'ਤੇ ਹੋ ਰਹੇ ਚੁਫੇਰਿਉਂ ਹਮਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਦੇ ਕੌਮੀ ਪ੍ਰਧਾਨ ਦੇ ਹੱਕ ਵਿੱਚ ਉੱਤਰ ਆਏ ਹਨ। ਮੁੱਖ ਮੰਤਰੀ ਨੇ ਟਵੀਟ ਕਰ ਕਿਹਾ ਕਿ ਜੱਫੀ ਸਾਰੇ ਇਨਸਾਨਾਂ ਲਈ ਪਿਆਰ ਤੇ ਸਾਂਝ ਜ਼ਾਹਰ ਕਰਨ ਦਾ ਇੱਕ ਜ਼ਰੀਆ ਹੈ। ਉਨ੍ਹਾਂ ਰਾਹੁਲ ਗਾਂਧੀ ਦੇ ਭਾਸ਼ਣ ਨੂੰ ਉੱਤਮ ਕਰਾਰ ਦਿੱਤਾ।