ਨਵੀਂ ਦਿੱਲੀ: ਦੁਨੀਆ ਭਰ 'ਚ ਹੜ੍ਹਾਂ ਦੀ ਵਜ੍ਹਾ ਨਾਲ ਹੋਣ ਵਾਲੀਆਂ ਮੌਤਾਂ 'ਚੋਂ 20 ਫੀਸਦੀ ਇਕੱਲੇ ਭਾਰਤ 'ਚ ਹੁੰਦੀਆਂ ਹਨ। ਕੇਂਦਰੀ ਜਲ ਕਮਿਸ਼ਨ ਵੱਲੋਂ ਰਾਜ ਸਭਾ 'ਚ ਸੌਂਪੇ ਅੰਕੜਿਆਂ ਮੁਤਾਬਕ ਭਾਰਤ 'ਚ ਪਿਛਲੇ 64 ਸਾਲਾਂ 'ਚ 1 ਲੱਖ, 7 ਹਜ਼ਾਰ, 487 ਲੋਕਾਂ ਦੀਆਂ ਮੌਤਾਂ ਹੜ੍ਹਾਂ ਜਾਂ ਹੜ੍ਹਾਂ ਨਾਲ ਵਾਪਰੇ ਹਾਦਸਿਆਂ ਨਾਲ ਹੋਈਆਂ ਹਨ। ਸਾਲ 1953 ਤੋਂ 2017 ਦਰਮਿਆਨ ਹੜ੍ਹ ਨਾਲ ਦੇਸ਼ ਨੂੰ 3 ਲੱਖ 65 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਜੋ ਜੀਡੀਪੀ ਦਾ 3% ਹੈ। ਵਿਸ਼ਵ ਬੈਂਕ ਨੇ ਇਹ ਅੰਕੜੇ ਪਿਛਲੇ ਸਾਲ ਜਾਰੀ ਕੀਤੇ ਸਨ।


ਹੜ੍ਹ ਪ੍ਰਭਾਵਿਤ ਇਲਾਕੇ
ਰਿਪੋਰਟ ਮੁਤਾਬਕ ਭਾਰਤ ਦੇ ਕੁੱਲ ਖੇਤਰਫਲ ਦੇ ਅੱਧੇ ਹਿੱਸੇ 'ਤੇ ਹਰ ਸਾਲ ਸਿਰਫ 15 ਦਿਨ ਬਾਰਸ਼ ਹੁੰਦੀ ਹੈ ਜਦਕਿ ਦੇਸ਼ ਦਾ ਦੋ ਤਿਹਾਈ ਹਿੱਸਾ ਹੜ੍ਹਾਂ ਤੋਂ ਪ੍ਰਭਾਵਿਤ ਹੈ। ਆਉਂਦੇ 10 ਸਾਲਾਂ 'ਚ ਕਲਕੱਤਾ ਤੇ ਮੁੰਬਈ ਜਿਹੇ ਸ਼ਹਿਰਾਂ 'ਚ ਪੰਜ ਕਰੋੜ ਲੋਕ ਹੜ੍ਹ ਦੀ ਲਪੇਟ 'ਚ ਆ ਸਕਦੇ ਹਨ।


2050 ਤੱਕ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਹੜ੍ਹਾਂ ਦੀ ਮਾਰ ਹੇਠ ਆ ਸਕਦੇ ਹਨ ਜਦਕਿ ਇਸ ਸਾਲ ਮਹਾਰਾਸ਼ਟਰ, ਗੁਜਰਾਤ ਤੇ ਦੱਖਣੀ ਭਾਰਤ ਦੇ ਕੁਝ ਇਲਾਕਿਆਂ 'ਚ ਹੜ੍ਹਾਂ ਜਿਹੇ ਹਾਲਾਤ ਬਣੇ ਹੋਏ ਹਨ ਜਿੱਥੇ ਕਿ ਹੁਣ ਤੱਕ 30 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।


ਭਾਰਤ 'ਚ ਹਰ ਸਾਲ ਹੜ੍ਹਾਂ ਨਾਲ ਹੋਣ ਵਾਲਾ ਨੁਕਸਾਨ
ਹਰ ਸਾਲ ਹੜ੍ਹਾਂ ਨਾਲ ਦੇਸ਼ 'ਚ ਕੁੱਲ 3.2 ਕਰੋੜ ਲੋਕ ਪ੍ਰਭਾਵਿਤ ਹੁੰਦੇ ਹਨ ਜਦਕਿ 1600 ਦੇ ਕਰੀਬ ਲੋਕਾਂ ਦੀ ਮੌਤ ਹੋ ਜਾਂਦੀ ਹੈ। 92 ਹਜ਼ਾਰ ਪਸ਼ੂ ਹੜ੍ਹਾਂ 'ਚ ਮਾਰੇ ਜਾਂਦੇ ਹਨ। ਆਰਥਿਕ ਨੁਕਸਾਨ ਦੀ ਗੱਲ ਕਰੀਏ ਤਾਂ ਹਰ ਸਾਲ 5600 ਕਰੋੜ ਰੁਪਏ ਦਾ ਨੁਕਸਾਨ ਦੇਸ਼ ਨੂੰ ਝੱਲਣਾ ਪੈਂਦਾ ਹੈ।