ਨਵੀਂ ਦਿੱਲੀ: ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਵਿਸ਼ੇਸ਼ ਪੁਲਿਸ ਕਮਿਸ਼ਨਰ (ਅਪਰਾਧ) ਨੂੰ ਚਿੱਠੀ ਲਿਖ ਕੇ ਇਲਜ਼ਾਮ ਲਾਇਆ ਹੈ ਕਿ ਕੌਮੀ ਰਾਜਧਾਨੀ ਦੇ ਸਭ ਤੋਂ ਵੱਡੇ ਰੈੱਡਲਾਈਟ ਇਲਾਕੇ ਜੀਬੀ ਰੋਡ ਵਿੱਚ ਮਨੁੱਖੀ ਤਸਕਰੀ ਨੂੰ ਉਤਸ਼ਾਹਿਤ ਕਰਨ ਵਿੱਚ ਸਥਾਨਕ ਪੁਲਿਸ ਥਾਣੇ ਸ਼ਾਮਲ ਹਨ।


ਸੀਸੀਟੀਵੀ ਕੈਮਰੇ ਲਾਏ ਜਾਣ ਦੀ ਮੰਗ-

ਮਾਲੀਵਾਲ ਨੇ ਕਿਹਾ ਕਿ ਥਾਣੇ ਵਿੱਚ ਕਰਮਚਾਰੀਆਂ ਦੀ ਕੁਝ ਸਮੇਂ ਬਾਅਦ ਬਦਲੀ ਹੋਣੀ ਚਾਹੀਦੀ ਹੈ ਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਸਿਰਫ ਸਮਰੱਥ ਪੁਲਿਸ ਅਧਿਕਾਰੀਆਂ ਨੂੰ ਹੀ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ। ਮਹਿਲਾ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਾਲੀਵਾਲ ਨੇ ਥਾਣੇ ਕੋਲ ਤੇ ਜੀਬੀ ਰੋਡ ਦੇ ਮੁੱਖ ਇਲਾਕਿਆਂ ਵਿੱਚ ਸੀਸੀਟੀਵੀ ਕੈਮਰੇ ਲਾਉਣ ਦੀ ਮੰਗ ਕੀਤੀ।

ਛਾਪੇ ਤੋਂ ਪਹਿਲਾਂ ਹੀ ਪੁਲਿਸ ਦੇ ਦਿੰਦੀ ਸੂਹ-

ਉਨ੍ਹਾਂ ਜੀਬੀ ਰੋਡ ਦੇ ਮਾਮਲੇ ਵਿੱਚ ਮਨੁੱਖੀ ਤਸਕਰੀ ਦੇ ਦਰਜ ਕੀਤੇ ਵੱਖ-ਵੱਖ ਮਾਮਲਿਆਂ ਵਿੱਚ ਦਿੱਲੀ ਪੁਲਿਸ ਦੀਆਂ ਕਮੀਆਂ ਦਾ ਵੀ ਨੂੰ ਵੀ ਜ਼ੋਰ ਦੇ ਕੇ ਪੇਸ਼ ਕੀਤਾ। ਇਸ ਵਿੱਚ ਦੱਸਿਆ ਗਿਆ ਹੈ ਕਿ ਪੁਲਿਸ ਅਧਿਕਾਰੀ ਛਾਪਾ ਮਾਰਨ ਤੋਂ ਪਹਿਲਾਂ ਹੀ ਵੇਸਵਾ ਅੱਡੇ ਦੇ ਮਾਲਕਾਂ ਨੂੰ ਖ਼ਬਰ ਕਰ ਦਿੰਦੇ ਹਨ।

ਕਮਿਸ਼ਨ ਨੇ ਕਿਹਾ ਕਿ ਅਫ਼ਾਕ ਨਾਂ ਦੇ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਥਿਤ ਤੌਰ 'ਤੇ ਸਬੰਧ ਰੱਖਣ ਕਾਰਨ ਸਥਾਨਕ ਕਮਲਾ ਮਾਰਕੀਟ ਥਾਣੇ ਤੋਂ 42 ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਸੀ। ਮਾਲੀਵਾਲ ਨੇ ਇਹ ਜਾਣਨਾ ਚਾਹਿਆ ਸੀ ਕਿ ਪੁਲਿਸ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਿਉਂ ਨਹੀਂ ਕੀਤੀ ਗਈ।

ਉਨ੍ਹਾਂ ਕਿਹਾ ਕਿ ਬਚਾਈ ਗਈ ਇੱਕ ਕੁੜੀ ਦੀ ਸ਼ਿਕਾਇਤ 'ਤੇ ਮੱਧ ਦਿੱਲੀ ਦੇ ਪੁਲਿਸ ਕਮਿਸ਼ਨਰ ਦੀ ਜਾਂਚ ਵਿੱਚ ਕਮਲਾ ਮਾਰਕੀਟ ਥਾਣੇ ਦੇ ਤਕਰੀਬਨ 50 ਫ਼ੀਸਦੀ ਕਰਮਚਾਰੀਆਂ ਦਾ ਵੇਸ਼ਵਾ ਅੱਡੇ ਦੇ ਮਾਲਕਾਂ ਤੇ ਮੈਨੇਜਰਾਂ ਦੇ ਸੰਪਰਕ ਵਿੱਚ ਰਹਿਣ ਦਾ ਪਤਾ ਲੱਗਿਆ ਸੀ।