ਨਵੀਂ ਦਿੱਲੀ: ਸੰਸਦ 'ਤੇ ਹੋਈ ਹਮਲੇ ਦੀ ਅੱਜ 19ਵੀਂ ਬਰਸੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਲੇ 'ਚ ਸ਼ਹੀਦ ਹੋਏ ਲੋਕਾਂ ਦੀ ਕੁਰਬਾਨੀ ਤੇ ਬਹਾਦਰੀ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ। ਅੱਜ ਤੋਂ 19 ਸਾਲ ਪਹਿਲਾਂ 13 ਦਸੰਬਰ, 2001 ਨੂੰ ਜੈਸ਼-ਏ-ਮਹੁੰਮਦ ਦੇ ਪੰਜ ਅੱਤਵਾਦੀਆਂ ਨੇ ਸੰਸਦ ਤੇ ਹਮਲਾ ਕੀਤਾ ਸੀ। ਸੰਸਦ ਕੰਪਲੈਕਸ 'ਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਇਸ ਹਮਲੇ ਦਾ ਮੁਕਾਬਲਾ ਕਰਦੇ ਹੋਏ ਸਾਰੇ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ।

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦੇ ਹੋਏ ਕਿਹਾ, "2001 ਵਿੱਚ ਇਸ ਦਿਨ ਸਾਡੀ ਸੰਸਦ 'ਤੇ ਹੋਏ ਕਾਇਰਤਾਪੂਰਨ ਹਮਲੇ ਨੂੰ ਅਸੀਂ ਕਦੇ ਨਹੀਂ ਭੁੱਲਾਂਗੇ। ਸਾਨੂੰ ਉਨ੍ਹਾਂ ਦੀ ਬਹਾਦਰੀ ਤੇ ਕੁਰਬਾਨੀ ਯਾਦ ਹੈ ਜਿਨ੍ਹਾਂ ਨੇ ਸਾਡੀ ਸੰਸਦ ਦੀ ਰੱਖਿਆ ਕਰਦਿਆਂ ਆਪਣੀਆਂ ਜਾਨਾਂ ਗੁਆ ਦਿੱਤੀਆਂ। ਭਾਰਤ ਹਮੇਸ਼ਾ ਉਨ੍ਹਾਂ ਦਾ ਧੰਨਵਾਦ ਕਰਦਾ ਰਹੇਗਾ।"


ਇਸ ਹਮਲੇ 'ਚ ਦਿੱਲੀ ਪੁਲਿਸ ਦੇ ਪੰਜ ਜਵਾਨ, ਸੀਆਰਪੀਐਫ ਦੀ ਇੱਕ ਮਹਿਲਾ ਕਾਂਸਟੇਬਲ ਅਤੇ ਸੰਸਦ ਦੇ ਦੋ ਗਾਰਡ ਸ਼ਹੀਦ ਹੋ ਗਏ ਸੀ। ਇਹ ਪੰਜ ਅੱਤਵਾਦੀ ਚਿੱਟੀ ਅੰਬੈਸਡਰ ਕਾਰ ਵਿਚ ਆਏ ਸੀ। ਸੰਸਦ ਵਿੱਚ ਸਰਦ ਰੁੱਤ ਸੈਸ਼ਨ ਚੱਲ ਰਿਹਾ ਸੀ। ਉਸ ਸਮੇਂ ਸੈਂਕੜੇ ਸੰਸਦ ਮੈਂਬਰਾਂ ਸਮੇਤ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਵਿਰੋਧੀ ਧਿਰ ਦੀ ਨੇਤਾ ਸੋਨੀਆ ਗਾਂਧੀ ਵੀ ਸੰਸਦ ਵਿੱਚ ਮੌਜੂਦ ਸੀ। ਅੱਤਵਾਦੀਆਂ ਦੀ ਇਸ ਗੋਲੀਬਾਰੀ ਕਾਰਨ ਬਹੁਤ ਸਾਰੇ ਸੈਨਿਕ ਸ਼ਹੀਦ ਹੋ ਗਏ ਸੀ ਤੇ ਸੁਰੱਖਿਆ ਬਲਾਂ ਨੇ ਉਸੇ ਦਿਨ ਪੰਜ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।