ਰੋਹਤਕ: ਇੱਥੋਂ ਦੇ ਕਸਬੇ ਚਰਖੀ ਦਾਦਰੀ ਵਿੱਚ ਲੱਗੇ ਹੋਏ ਕ੍ਰੈਸ਼ਰ ਪਲਾਂਟ ਦੀ ਕੰਧ ਡਿੱਗ ਗਈ, ਜਿਸ ਹੇਠਾਂ ਆਉਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਚਾਰ ਸਾਲਾ ਬੱਚੀ ਸਮੁੰਦਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਈ ਹੈ, ਜਿਸ ਦਾ ਇਲਾਜ ਰੋਹਤਕ ਦੇ ਪੀਜੀਆਈ ਵਿੱਚ ਜਾਰੀ ਹੈ। ਮ੍ਰਿਤਕਾਂ ਦੀ ਪਛਾਣ ਸ਼ੋਭਿਤ ਤੇ ਸ਼ਿਵਾ ਵਜੋਂ ਹੋਈ ਹੈ। ਦੋਵਾਂ ਦੀ ਉਮਰ ਦੋ ਕੁ ਸਾਲ ਦੱਸੀ ਜਾਂਦੀ ਹੈ।

ਬੱਚਿਆਂ ਦੇ ਰਿਸ਼ਤੇਦਾਰ ਰਾਮਦੀਨ ਨੇ ਦੱਸਿਆ ਕਿ ਕ੍ਰੈਸ਼ਰ ਪਲਾਂਟ ਦੀ ਕੰਧ ਕੋਲ ਮਸ਼ੀਨ ਨਾਲ ਮਿੱਟੀ ਪਾਈ ਜਾ ਰਹੀ ਸੀ, ਜਿਸ ਕਾਰਨ ਕੰਧ ਡਿੱਗ ਗਈ ਅਤੇ ਉਨ੍ਹਾਂ ਦੇ ਬੱਚਿਆਂ ਦੀਆਂ ਜਾਨਾਂ ਚਲੀਆਂ ਗਈਆਂ। ਉੱਧਰ, ਦਾਦਰੀ ਪੁਲਿਸ ਦਾ ਕਹਿਣਾ ਹੈ ਕਿ ਕੰਧ ਕੋਲ ਪਾਣੀ ਖੜ੍ਹਿਆ ਹੋਇਆ ਸੀ, ਜਿਸ ਦੀ ਨਮੀ ਕਾਰਨ ਕੰਧ ਡਿੱਗੀ ਜਾਪਦੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।