ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰਨਬੈਕਸੀ ਦੇ ਸਾਬਕਾ ਪ੍ਰੋਮੋਟਰ ਭਰਾਵਾਂ ਮਲਵਿੰਦਰ ਮੋਹਨ ਸਿੰਘ (45) ਤੇ ਸ਼ਿਵਿੰਦਰ ਮੋਹਨ ਸਿੰਘ (43) ਦੇ ਟਿਕਾਣਿਆਂ 'ਤੇ ਵੀਰਵਾਰ ਨੂੰ ਛਾਪੇਮਾਰੀ ਕੀਤੀ। ਖ਼ਬਰਾਂ ਮੁਤਾਬਕ ਦੋਵਾਂ 'ਤੇ ਕਾਲਾ ਧਨ ਇਕੱਠਾ ਕਰਨ ਦੇ ਮਾਮਲੇ ਵਿੱਚ ਕਾਰਵਾਈ ਹੋਈ ਹੈ। ਦੋਵਾਂ 'ਤੇ ਰੈਲੀਗੇਅਰ ਇੰਟਰਪ੍ਰਾਈਜ਼ਿਜ਼ ਤੇ ਫੋਰਟਿਸ ਹੈਲਥਕੇਅਰ ਵਿੱਚ ਵਿੱਤੀ ਗੜਬੜੀਆਂ ਕਰਨ ਦਾ ਦੋਸ਼ ਹੈ।

ਰੈਲੀਗੇਅਰ ਫਿਨਵੈਸਟ ਲਿਮਟਿਡ ਨੇ ਪਿਛਲੇ ਸਾਲ ਦਸੰਬਰ ਵਿੱਚ ਮਲਵਿੰਦਰ ਤੇ ਸ਼ਿਵਿੰਦਰ ਖ਼ਿਲਾਫ਼ ਦਿੱਲੀ ਪੁਲਿਸ ਦੀ ਆਰਥਕ ਅਪਰਾਧ ਬਰਾਂਚ ਵਿੱਚ ਸ਼ਿਕਾਇਤ ਕੀਤੀ ਸੀ। ਇਸ ਸਾਲ ਮਈ ਵਿੱਚ ਦੋਵਾਂ ਖ਼ਿਲਾਫ਼ ਮਾਮਲਾ ਦਰਜ ਹੋਇਆ ਸੀ। ਉਨ੍ਹਾਂ 'ਤੇ 740 ਕਰੋੜ ਰੁਪਏ ਦੀ ਧੋਖਾਧੜੀ ਦੇ ਇਲਜ਼ਾਮ ਹਨ। ਇਸ ਮਾਮਲੇ ਵਿੱਚ ਈਡੀ ਨੇ ਵੀ ਕੇਸ ਦਰਜ ਕਰ ਲਿਆ ਸੀ।

ਮਾਲਵਿੰਦਰ-ਸ਼ਿਵਿੰਦਰ ਦਾ ਜਾਪਾਨ ਦੀ ਦਵਾਈ ਕੰਪਨੀ ਦਾਇਚੀ ਸੈਂਕਿਓ ਨਾਲ ਵੀ ਵਿਵਾਦ ਚੱਲ ਰਿਹਾ ਹੈ। 4,000 ਕਰੋੜ ਰੁਪਏ ਦੇ ਭੁਗਤਾਨ ਵਿਵਾਦ ਵਿੱਚ ਸੁਪਰੀਮ ਕੋਰਟ ਨੇ ਅਪਰੈਲ ਵਿੱਚ ਦੋਵਾਂ ਭਰਾਵਾਂ ਨੂੰ ਕਿਹਾ ਸੀ ਕਿ ਹੁਕਮਾਂ ਦੀ ਉਲੰਘਣਾ ਕੀਤੀ ਤਾਂ ਜੇਲ੍ਹ ਭੇਜੇ ਜਾਣਗੇ। ਦਾਇਚੀ ਸੈਂਕਿਓ ਆਰਬਿਟ੍ਰੇਸ਼ਨ ਐਵਾਰਡ ਨੂੰ ਲਾਗੂ ਕਰਵਾਉਣ ਲਈ ਅਦਾਲਤ ਵਿੱਚ ਕੇਸ ਵੀ ਲੜ ਰਹੀ ਹੈ। ਦਾਇਚੀ ਨੇ ਸਾਲ 2008 ਵਿੱਚ ਮਾਲਵਿੰਦਰ-ਸ਼ਿਵਿੰਦਰ ਤੋਂ ਰਨਬੈਕਸੀ ਖਰੀਦੀ ਸੀ। ਬਾਅਦ ਵਿੱਚ ਉਸ ਨੇ ਇਲਜ਼ਾਮ ਲਾਇਆ ਸੀ ਕਿ ਦੋਵਾਂ ਭਰਾਵਾਂ ਨੇ ਰਨਬੈਕਸੀ ਬਾਰੇ ਅਹਿਮ ਜਾਣਕਾਰੀਆਂ ਲੁਕਾਈਆਂ ਹਨ।