Haryana News:  ਹਰਿਆਣਾ ਦੇ ਹਿਸਾਰ ਜ਼ਿਲ੍ਹੇ ਤੋਂ ਬਹੁਤ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਹਿਸਾਰ ਤੋਂ ਕਰੀਬ 30 ਕਿਲੋਮੀਟਰ ਦੂਰ ਲਾਡਵਾ ਪਿੰਡ ਨੇੜੇ ਕੁਝ ਮਜ਼ਦੂਰ ਸੜਕ ਕਿਨਾਰੇ ਖਾਣਾ ਖਾ ਰਹੇ ਸਨ ਕਿ ਇੱਟਾਂ ਨਾਲ ਲੱਦੀ ਇਕ ਟਰੈਕਟਰ ਟਰਾਲੀ ਨੇ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਸੋਮਵਾਰ ਨੂੰ ਵਾਪਰੀ ਇਸ ਘਟਨਾ ਵਿੱਚ ਦੋ ਮਹਿਲਾ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 10 ਲੋਕ ਜ਼ਖਮੀ ਹੋ ਗਏ। ਹਾਂਸੀ ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ।


ਮ੍ਰਿਤਕਾਂ ਦੀ ਪਛਾਣ ਗੁੱਡੀ (55) ਅਤੇ ਨਿਰਮਲਾ (44) ਵਜੋਂ ਹੋਈ ਹੈ ਜੋ ਹਿਸਾਰ ਦੇ ਪਿੰਡ ਸੁਲਤਾਨਪੁਰ ਦੇ ਰਹਿਣ ਵਾਲੇ ਸਨ। ਇਹ ਘਟਨਾ ਸੁਲਤਾਨਪੁਰ-ਕਾਂਵਾੜੀ ਰੋਡ 'ਤੇ ਇੱਟਾਂ ਦੇ ਭੱਠੇ ਨੇੜੇ ਵਾਪਰੀ। ਪੁਲਿਸ ਨੇ ਦੱਸਿਆ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਡਰਾਈਵਰ ਦਾ ਵਾਹਨ ਤੋਂ ਕੰਟਰੋਲ ਖਤਮ ਹੋ ਗਿਆ ਜਾਂ ਹਾਦਸੇ ਪਿੱਛੇ ਕੋਈ ਹੋਰ ਕਾਰਨ ਸੀ।


ਪੁਲਿਸ ਨੇ ਦੱਸਿਆ ਕਿ ਸੁਲਤਾਨਪੁਰ ਵਿਚ ਇਕ ਪਰਿਵਾਰ ਦੀਆਂ ਕਰੀਬ 15 ਮਹਿਲਾ ਮਜ਼ਦੂਰ ਮਨਰੇਗਾ ਸਕੀਮ ਤਹਿਤ ਕੰਮ ਕਰ ਰਹੀਆਂ ਸਨ। ਦੁਪਹਿਰ 12 ਵਜੇ ਦੇ ਕਰੀਬ ਇੱਟਾਂ ਨਾਲ ਭਰੀ ਇੱਕ ਟਰੈਕਟਰ ਟਰਾਲੀ ਨੇ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।


ਪੁਲਿਸ ਕਰ ਰਹੀ ਜਾਂਚ


ਘਟਨਾ ਸਮੇਂ ਉਕਤ ਔਰਤਾਂ ਬੈਠ ਕੇ ਖਾਣਾ ਖਾ ਰਹੀਆਂ ਸਨ। ਪੁਲਿਸ ਨੇ ਦੱਸਿਆ ਕਿ ਜ਼ਖਮੀ ਔਰਤਾਂ ਪੂਨਮ, ਰੋਸ਼ਨੀ ਅਤੇ ਤੇਜਾ ਨੂੰ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਜਦਕਿ ਰੀਨਾ ਅਤੇ ਰਾਜਪਤੀ ਨੂੰ ਗੰਭੀਰ ਹਾਲਤ 'ਚ ਅਗਰੋਹਾ ਮੈਡੀਕਲ ਕਾਲਜ ਲਿਜਾਇਆ ਗਿਆ ਹੈ।


ਘਟਨਾ ਵਾਲੀ ਥਾਂ 'ਤੇ ਮੌਜੂਦ ਲੋਕਾਂ ਨੇ ਭੱਠਾ ਮਾਲਕ 'ਤੇ ਕਾਫੀ ਗੰਭੀਰ ਦੋਸ਼ ਲਗਾਏ ਹਨ। ਪਿੰਡ ਸੁਲਤਾਨਪੁਰ ਦੇ ਲੋਕਾਂ ਦਾ ਕਹਿਣਾ ਹੈ ਕਿ ਟਰੈਕਟਰ ਵਿੱਚ ਸਮਰੱਥਾ ਤੋਂ ਵੱਧ ਇੱਟਾਂ ਭਰੀਆਂ ਜਾ ਰਹੀਆਂ ਸਨ। ਹਾਂਸੀ ਪੁਲਿਸ ਦਾ ਕਹਿਣਾ ਹੈ ਕਿ ਉਹ ਪੂਰੀ ਜਾਂਚ ਤੋਂ ਬਾਅਦ ਹੀ ਇਸ ਬਾਰੇ ਵਿਸਥਾਰਪੂਰਵਕ ਬਿਆਨ ਦੇਵੇਗੀ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:






 





https://play.google.com/store/apps/details?id=com.winit.starnews.hin



 


https://apps.apple.com/in/app/abp-live-news/id811114904