Manipur Violence - ਮਣੀਪੁਰ ਦੇ ਤੇਂਗਨੌਪਾਲ ਜ਼ਿਲੇ 'ਚ ਗੋਲੀਬਾਰੀ ਦੀਆਂ ਦੋ ਵੱਖ-ਵੱਖ ਘਟਨਾਵਾਂ 'ਚ ਬੀਤੇ ਵੀਰਵਾਰ ਨੂੰ ਦੋ ਲੋਕਾਂ ਦੀ ਮੌਤ ਹੋ ਗਈ ਅਤੇ 50 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਫੌਜ ਦਾ ਇਕ ਮੇਜਰ ਵੀ ਸ਼ਾਮਿਲ ਹੈ।


ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਪੈਲੇਲ ਦੇ ਮੋਲਨੋਈ ਪਿੰਡ 'ਚ ਸਵੇਰੇ 6 ਵਜੇ ਹਥਿਆਰ ਲੈ ਕੇ ਜਾ ਰਹੇ ਲੋਕਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ ਹੋਈ। ਇਸ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਕਕਚਿੰਗ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੋਲੀ ਨਾਲ ਜ਼ਖਮੀ ਹੋਏ ਇਕ ਹੋਰ ਵਿਅਕਤੀ ਨੂੰ ਇੰਫਾਲ ਰੀਜਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਲਿਜਾਇਆ ਗਿਆ।


ਫਿਲਹਾਲ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਿਵੇਂ ਹੀ ਗੋਲੀਬਾਰੀ ਦੀ ਖ਼ਬਰ ਫੈਲੀ, ਕਮਾਂਡੋ ਵਰਦੀਆਂ ਪਹਿਣ ਮੀਰਾ ਪੈਬਿਸ ਅਤੇ ਅਰਾਮਬਾਈ ਤੇਂਗਗੋਲ ਸਣੇ ਮੈਤੇਈ ਭਾਈਚਾਰੇ ਦੇ ਲੋਕਾਂ ਦੀ ਭੀੜ ਨੇ ਸੁਰੱਖਿਆ ਚੌਕੀਆਂ ਨੂੰ ਤੋੜ ਕੇ ਪੈਲੇਲ ਵੱਲ ਵਧਣ ਦੀ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਨੂੰ ਅਸਮ ਰਾਈਫਲਜ਼ ਦੇ ਜਵਾਨਾਂ ਨੇ ਰੋਕ ਲਿਆ।ਰੋਕਣ 'ਤੇ ਭੀੜ 'ਚ ਮੌਜੂਦ ਕੁਝ ਹਥਿਆਰਬੰਦ ਵਿਅਕਤੀਆਂ, ਜਿਨ੍ਹਾਂ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ, ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ 'ਚ ਫੌਜ ਦਾ ਇਕ ਮੇਜਰ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਇਸ ਘਟਨਾ ਵਿੱਚ ਤਿੰਨ ਹੋਰ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਕਰਾਸ ਫਾਇਰਿੰਗ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। 


ਇਸਤੋਂ ਇਲਾਵਾ ਸਥਿਤੀ ਨੂੰ ਕਾਬੂ ਕਰਨ ਲਈ ਅਸਮ ਰਾਈਫਲਜ਼ ਦੇ ਜਵਾਨਾਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ 'ਚ ਕਰੀਬ 45 ਔਰਤਾਂ ਅਤੇ ਕੁਝ ਜਵਾਨ ਜ਼ਖਮੀ ਹੋ ਗਏ। ਦੂਜੇ ਪਾਸੇ ਭੀੜ ਨੂੰ ਕਾਬੂ ਕਰਨ ਲਈ ਇੰਫਾਲ ਤੋਂ ਪੈਲੇਲ ਜਾ ਰਹੀ ਆਰਏਐਫ ਦੇ ਜਵਾਨਾਂ ਦੀ ਟੀਮ ਨੂੰ ਸਥਾਨਕ ਲੋਕਾਂ ਅਤੇ ਮੀਰਾ ਪੈਬਿਸ ਦੇ ਲੋਕਾਂ ਨੇ ਥੌਬਲ ਵਿਖੇ ਰੋਕ ਲਿਆ।



ਬੁੱਧਵਾਰ ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀ ਬਿਸ਼ਨੂਪੁਰ ਜ਼ਿਲ੍ਹੇ ਦੇ ਫੋਗਾਕਚਾਓ ਇਖਾਈ ਵਿਖੇ ਇਕੱਠੇ ਹੋਏ ਸਨ। ਇਹ ਸਾਰੇ ਤੋਰਬੰਗ ਵਿੱਚ ਆਪਣੇ ਸੁੰਨਸਾਨ ਘਰਾਂ ਤੱਕ ਪਹੁੰਚਣ ਲਈ ਫੌਜ ਦੇ ਬੈਰੀਕੇਡਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਕਬਾਇਲੀਆਂ 'ਤੇ ਹਮਲਾ ਕਰਨ ਤੋਂ ਇਲਾਵਾ ਭੀੜ ਉਨ੍ਹਾਂ ਦੇ ਘਰਾਂ ਦੀ ਵੀ ਭੰਨਤੋੜ ਕਰਨਾ ਚਾਹੁੰਦੀ ਸੀ। ਇਸ ਤੋਂ ਬਾਅਦ ਸਾਵਧਾਨੀ ਦੇ ਤੌਰ 'ਤੇ ਮਨੀਪੁਰ ਦੇ ਸਾਰੇ ਪੰਜ ਘਾਟੀ ਜ਼ਿਲਿਆਂ 'ਚ ਕਰਫਿਊ ਲਗਾ ਦਿੱਤਾ ਗਿਆ।