G 20 Summit - ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਬੀਤੀ ਸ਼ਾਮ ਨੂੰ ਜੀ-20 ਸੰਮੇਲਨ ਲਈ ਭਾਰਤ ਪਹੁੰਚ ਗਏ ਹਨ। ਦਿੱਲੀ ਪਹੁੰਚ ਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਇਸ ਬੈਠਕ 'ਚ ਪੀਐੱਮ ਨੇ ਕਿਹਾ ਕਿ ਕਈ ਅਹਿਮ ਮੁੱਦਿਆਂ 'ਤੇ ਚਰਚਾ ਹੋਈ ਹੈ। ਦੋਵਾਂ ਨੇਤਾਵਾਂ ਨੇ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਮਜ਼ਬੂਤ ​​ਕਰਨ 'ਤੇ ਧਿਆਨ ਕੇਂਦਰਿਤ ਕੀਤਾ। ਬਾਇਡਨ ਨੇ ਭਾਰਤੀ ਰੱਖਿਆ ਮੰਤਰਾਲੇ ਵੱਲੋਂ ਅਮਰੀਕਾ ਤੋਂ 31 ਡਰੋਨ ਖਰੀਦਣ ਲਈ ਬੇਨਤੀ ਪੱਤਰ ਜਾਰੀ ਕਰਨ ਦਾ ਵੀ ਸਵਾਗਤ ਕੀਤਾ। 


ਬਾਇਡਨ ਨਾਲ ਮੁਲਾਕਾਤ ਤੋਂ ਬਾਅਦ ਮੋਦੀ ਨੇ ਸੋਸ਼ਲ ਮੀਡੀਆ 'ਤੇ ਕਿਹਾ- 7 ਲੋਕ ਕਲਿਆਣ ਮਾਰਗ 'ਤੇ ਰਾਸ਼ਟਰਪਤੀ ਬਾਇਡਨ ਦਾ ਸਵਾਗਤ ਕਰਕੇ ਖੁਸ਼ੀ ਹੋਈ। ਸਾਡੀ ਮੁਲਾਕਾਤ ਬਹੁਤ ਚੰਗੀ ਰਹੀ। ਅਸੀਂ ਕਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ। ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਮੁੱਦਿਆਂ 'ਤੇ ਸਹਿਯੋਗ ਵਧੇਗਾ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਸੰਪਰਕ ਵੀ ਵਧੇਗਾ। 


ਇਸ ਤੋਂ ਪਹਿਲਾਂ ਬਾਇਡਨ ਦੇ ਪਾਲਮ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਕੇਂਦਰੀ ਮੰਤਰੀ ਜਨਰਲ ਵੀਕੇ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਬਾਇਡਨ ਨੇ ਫਿਰ ਭਾਰਤ ਵਿਚ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਅਤੇ ਆਪਣੀ ਬੇਟੀ ਮਾਇਆ ਨਾਲ ਵੀ ਮੁਲਾਕਾਤ ਕੀਤੀ। 


ਅਮਰੀਕਾ ਦੇ ਐੱਨਐੱਸਏ ਜੈਕ ਸੁਲੀਵਾਨ ਨੇ ਦੱਸਿਆ ਕਿ ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਸਿਵਲ ਪਰਮਾਣੂ ਤਕਨੀਕ 'ਚ ਸਹਿਯੋਗ ਵਧਾਉਣ 'ਤੇ ਵੀ ਚਰਚਾ ਹੋਵੇਗੀ। ਇਸ ਦੌਰਾਨ ਛੋਟੇ ਮਾਡਿਊਲਰ ਨਿਊਕਲੀਅਰ ਰਿਐਕਟਰਾਂ 'ਤੇ ਸਮਝੌਤਾ ਹੋ ਸਕਦਾ ਹੈ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਵਿਚਾਲੇ ਜੀਈ ਜੈੱਟ ਇੰਜਣ ਸੌਦੇ 'ਤੇ ਵੀ ਗੱਲਬਾਤ ਅੱਗੇ ਵਧ ਸਕਦੀ ਹੈ।



ਬਾਇਡਨ ਨੇ ਕਿਹਾ ਕਿ ਭਾਰਤ ਦੀ ਜੀ-20 ਪ੍ਰਧਾਨਗੀ ਦਰਸਾਉਂਦੀ ਹੈ ਕਿ ਇਹ ਮੰਚ ਕਿਸ ਤਰ੍ਹਾਂ ਮਹੱਤਵਪੂਰਨ ਨਤੀਜੇ ਦੇ ਸਕਦਾ ਹੈ। ਇਸ ਦੇ ਨਾਲ ਹੀ, ਮੋਦੀ- ਬਾਇਡਨ ਨੇ ਜੀ-20 ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਸੰਮੇਲਨ ਆਪਣੇ ਉਦੇਸ਼ਾਂ ਵਿੱਚ ਸਫਲ ਹੋਵੇਗਾ।


ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਬਾਇਡਨ ਨੇ ਭਰੋਸਾ ਦਿੱਤਾ ਕਿ ਅਸੀਂ ਗਲੋਬਲ ਸੈਮੀਕੰਡਕਟਰ ਸਪਲਾਈ ਚੇਨ ਲਈ ਮਿਲ ਕੇ ਕੰਮ ਕਰਾਂਗੇ। ਨਾਲ ਹੀ, ਭਾਰਤ ਅਤੇ ਅਮਰੀਕਾ ਰੱਖਿਆ ਖੇਤਰ ਵਿੱਚ ਸਾਂਝੇਦਾਰੀ ਲਈ ਵਚਨਬੱਧ ਹਨ। ਵ੍ਹਾਈਟ ਹਾਊਸ ਮੁਤਾਬਕ ਮੋਦੀ- ਬਾਇਡਨ ਗਰੀਬੀ ਅਤੇ ਕਈ ਹੋਰ ਗਲੋਬਲ ਚੁਣੌਤੀਆਂ ਨਾਲ ਲੜਨ ਲਈ ਵਿਸ਼ਵ ਬੈਂਕ ਅਤੇ ਹੋਰ ਬਹੁਪੱਖੀ ਵਿਕਾਸ ਬੈਂਕਾਂ ਦੀ ਸਮਰੱਥਾ ਵਧਾਉਣ ਬਾਰੇ ਵੀ ਗੱਲ ਕਰਨਗੇ। 


ਬਾਇਡਨ ਭਾਰਤ ਦਾ ਦੌਰਾ ਕਰਨ ਵਾਲੇ ਅਮਰੀਕਾ ਦੇ 8ਵੇਂ ਰਾਸ਼ਟਰਪਤੀ ਹਨ। ਖਾਸ ਗੱਲ ਇਹ ਹੈ ਕਿ ਭਾਰਤ ਦੀ ਆਜ਼ਾਦੀ ਦੇ ਪਹਿਲੇ 50 ਸਾਲਾਂ 'ਚ ਸਿਰਫ 3 ਅਮਰੀਕੀ ਰਾਸ਼ਟਰਪਤੀਆਂ ਨੇ ਭਾਰਤ ਦਾ ਦੌਰਾ ਕੀਤਾ। ਇਸ ਦੇ ਨਾਲ ਹੀ ਪਿਛਲੇ 23 ਸਾਲਾਂ ਵਿੱਚ ਕਿਸੇ ਅਮਰੀਕੀ ਰਾਸ਼ਟਰਪਤੀ ਦੀ ਇਹ ਛੇਵੀਂ ਯਾਤਰਾ ਹੋਵੇਗੀ।