ਨਵੀਂ ਦਿੱਲੀ: ਗੁਜਰਾਤ ਦੇ ਸ਼ਹਿਰ ਸੂਰਤ ਵਿੱਚ 21 ਔਰਤਾਂ ਨੂੰ ਹੋਟਲ ਵਿੱਚ ਕਿੱਟੀ ਪਾਰਟੀ ਦੌਰਾਨ ਕਥਿਤ ਤੌਰ 'ਤੇ ਸ਼ਰਾਬ ਪੀਣ ਦੇ ਇਲਜ਼ਾਮਾਂ ਹੇਠ ਜੇਲ੍ਹ ਜਾਣਾ ਪਿਆ ਹੈ। ਸ਼ਨੀਵਾਰ ਦੇਰ ਰਾਤ ਚੱਲ ਰਹੀ ਪਾਰਟੀ ਬਾਰੇ ਸੂਚਨਾ ਮਿਲਣ 'ਤੇ ਪੁਲਿਸ ਨੇ ਕਾਰਵਾਈ ਕੀਤੀ ਅਤੇ ਉੱਥੇ ਸ਼ਰਾਬ ਚੱਲਦੀ ਹੋਣ ਦੀ ਸੂਰਤ ਵਿੱਚ 21 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸ਼ਹਿਰ ਦੇ ਉਮਰਾ ਪੁਲਿਸ ਥਾਣੇ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਿਪਲੋਡ ਇਲਾਕੇ ਵਿੱਚ ਸਥਿਤ ਹੋਟਲ 'ਚ ਛਾਪਾ ਮਾਰਿਆ। ਰੇਡ ਦੌਰਾਨ ਪੁਲਿਸ ਨੇ ਔਰਤਾਂ ਦੀ ਕਿੱਟੀ ਪਾਰਟੀ ਵਿੱਚੋਂ ਸ਼ਰਾਬ ਦੀਆਂ ਚਾਰ ਖਾਲੀ ਬੋਤਲਾਂ ਬਰਾਮਦ ਕੀਤੀਆਂ। ਪੁਲਿਸ ਨੇ ਪਾਰਟੀ ਕਰ ਰਹੀਆਂ ਮਹਿਲਾਵਾਂ ਦਾ ਮੈਡੀਕਲ ਕਰਵਾਇਆ ਜਿਸ ਤੋਂ ਬਾਅਦ ਅਤੇ 21 ਔਰਤਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ। ਹਾਲਾਂਕਿ, ਮੁਲਜ਼ਮ ਮਹਿਲਾਵਾਂ ਜ਼ਮਾਨਤ 'ਤੇ ਰਿਹਾਅ ਹੋ ਗਈਆਂ ਹਨ। ਦਰਅਸਲ, ਗੁਜਰਾਤ ਸ਼ਰਾਬ ਮੁਕਤ ਸੂਬਾ ਹੈ, ਇਸ ਲਈ ਸ਼ਰਾਬ ਦੀ ਵਰਤੋਂ ਕਰਨੀ ਗ਼ੈਰਕਾਨੂੰਨੀ ਹੁੰਦਾ ਹੈ। ਇਸੇ ਲਈ ਉਕਤ ਔਰਤਾਂ ਨੂੰ ਥਾਣੇ ਦਾ ਮੂੰਹ ਦੇਖਣਾ ਪਿਆ। ਇੱਕ ਵੱਖਰੇ ਮਾਮਲੇ ਵਿੱਚ ਗੁਜਰਾਤ ਪੁਲਿਸ ਵੱਲੋਂ ਛੇ ਔਰਤਾਂ ਸਮੇਤ ਅੱਠ ਜਣਿਆਂ ਨੂੰ ਵੀ ਸ਼ਰਾਬ ਪੀਣ ਦੇ ਇਲਜ਼ਾਮਾਂ ਹੇਠ ਕਾਬੂ ਕਰਨ ਦੀ ਖ਼ਬਰ ਹੈ।