ਬੀਤੇ ਕੱਲ੍ਹ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸੁੰਜਵਾ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਹਮਲੇ ਵਿੱਚ ਪਾਕਿਸਤਾਨ ਦਾ ਹੱਥ ਹੈ। ਸੀਤਾਰਮਨ ਨੇ ਕਿਹਾ ਕਿ ਪਾਕਿਸਤਾਨ ਨੂੰ ਇਸ ਦੀ ਕੀਮਤ ਚੁਕਾਉਣੀ ਹੋਵੇਗੀ।
ਪਾਕਿਸਤਾਨ ਹੁਣ ਅੱਤਵਾਦੀਆਂ ਨੂੰ ਪੀਰ ਪੰਜਾਲ ਰੇਂਜ ਦੇ ਅੱਗੇ ਫੈਲਾ ਰਿਹਾ ਹੈ ਤੇ ਭਾਰਤ ਵਿੱਚ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਲਈ ਲਗਾਤਾਰ ਗੋਲ਼ੀਬੰਦੀ ਦੀ ਉਲੰਘਣਾ ਕਰ ਰਿਹਾ ਹੈ। ਭਾਰਤ ਦਾ ਕਾਊਂਟਰ ਟੈਰਰਿਜ਼ਮ ਪਲਾਨ ਪਹਿਲਾਂ ਹੀ ਅਮਲ ਵਿੱਚ ਲਿਆਂਦਾ ਜਾ ਚੁੱਕਾ ਹੈ।
44 ਦਿਨ ਦੇ 26 ਸ਼ਹੀਦਾਂ ਦੀ ਕਹਾਣੀ-
- 31 ਦਸੰਬਰ, 2017
ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਅਵੰਤੀਪੁਰਾ ਸੈਕਟਰ ਦੇ ਲੇਥਪੋਰਾ ਇਲਾਕੇ ਵਿੱਚ ਸੀ.ਆਰ.ਪੀ.ਐਫ. ਦੇ ਕਮਾਂਡੋ ਸਿਖਲਾਈ ਕੇਂਦਰ 'ਤੇ ਫਿਦਾਇਨ ਹਮਲਾ ਹੋਇਆ। ਇਸ ਅੱਤਵਾਦੀ ਹਮਲੇ 'ਚ ਪੰਜ ਜਵਾਨ ਸ਼ਹੀਦ ਹੋ ਗਏ ਸਨ।
- 3 ਜਨਵਰੀ, 2018
ਜੰਮੂ ਵਿੱਚ ਕੌਮਾਂਤਰੀ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦਾ ਇੱਕ ਜਵਾਨ ਭਾਰਤੀ ਚੌਕੀ 'ਤੇ ਪਾਕਿਸਤਾਨ ਵੱਲੋਂ ਕੀਤੀ ਗਈ ਗੋਲ਼ੀਬਾਰੀ ਵਿੱਚ ਸ਼ਹੀਦ ਹੋ ਗਿਆ।
- 6 ਜਨਵਰੀ, 2018
ਜੰਮੂ ਕਸ਼ਮੀਰ ਦੇ ਸੋਪੋਰ ਸ਼ਹਿਰ ਵਿੱਚ ਅੱਤਵਾਦੀਆਂ ਵੱਲੋਂ ਲਾਏ ਗਏ ਆਈ.ਈ.ਡੀ. ਧਮਾਕੇ ਵਿੱਚ ਚਾਰ ਪੁਲਿਸਕਰਮੀ ਸ਼ਹੀਦ ਹੋ ਗਏ ਸਨ ਤੇ ਕਈ ਜ਼ਖ਼ਮੀ ਹੋ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ।
- 13 ਜਨਵਰੀ, 2018
ਸੁੰਦਰਬਨੀ ਸੈਕਟਰ ਵਿੱਚ ਸਰਹੱਦ ਪਾਰੋਂ ਪਾਕਿਸਤਾਨ ਦੀ ਫਾਇਰਿੰਗ ਵਿੱਚ ਲਾਂਸ ਨਾਇਕ ਯੋਗੇਸ਼ ਮੁਰਲੀਧਰ ਭੜਾਨੇ ਸ਼ਹੀਦ ਹੋ ਗਏ ਸਨ।
- 18 ਜਨਵਰੀ, 2018
ਜੰਮੂ-ਕਸ਼ਮੀਰ ਵਿੱਚ ਭਾਰਤ ਪਾਕਿਸਾਤਨ ਕੌਮਾਂਤਰੀ ਸਰਹੱਦ 'ਤੇ ਸਥਿਤ ਆਰ.ਐਸ. ਪੁਰਾ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਫਾਇਰਿੰਗ ਕੀਤੀ ਗਈ, ਜਿਸ ਵਿੱਚ ਬੀ.ਐਸ.ਐਫ. ਦੇ ਇੱਕ ਹੈੱਡ ਕਾਂਸਟੇਬਲ ਸ਼ਹੀਦ ਹੋ ਗਏ।
- 19 ਜਨਵਰੀ, 2018
ਪਾਕਿਸਤਾਨ ਨੇ ਬਾਰਡਰ 'ਤੇ ਤਕਰੀਬਨ 40 ਥਾਵਾਂ 'ਤੇ ਫਾਇਰਿੰਗ ਕੀਤੀ। ਇਸ ਫਾਇਰਿੰਗ ਵਿੱਚ ਸੀਮਾ ਸੁਰੱਖਿਆ ਬਲ ਦਾ ਇੱਕ ਜਵਾਨ ਸ਼ਹੀਦ ਹੋ ਗਿਆ। ਉੱਥੇ ਆਮ ਲੋਕਾਂ ਦੀ ਵੀ ਮੌਤ ਹੋ ਗਈ ਤੇ ਕਈ ਲੋਕ ਜ਼ਖ਼ਮੀ ਹੋ ਗਏ ਸਨ।
- 20 ਜਨਵਰੀ, 2018
ਜੰਮੂ ਕਸ਼ਮੀਰ ਦੇ ਚਾਰ ਜ਼ਿਲ੍ਹਿਆਂ ਵਿੱਚ ਕੌਮਾਂਤਰੀ ਸਰਹੱਦ ਤੇ ਕੰਟਰੋਲ ਰੇਖਾ ਦੇ ਨਾਲ ਲੱਗਦੇ ਨਾਗਰਿਕ ਇਲਾਕਿਆਂ ਤੇ ਸੀਮਾ ਚੌਕੀਆਂ 'ਤੇ ਪਾਕਿਸਤਾਨ ਨੇ ਫਾਇਰਿੰਗ ਤੇ ਗੋਲ਼ੇ ਦਾਗ਼ੇ। ਇਸ ਕਾਰਨ ਦੋ ਜਵਾਨਾਂ ਤੇ ਦੋ ਨਾਗਰਿਕਾਂ ਦੀ ਮੌਤ ਹੋ ਗਈ ਤੇ 35 ਹੋਰ ਫੱਟੜ ਹੋ ਗਏ ਸਨ।
- 4 ਫਰਵਰੀ, 2018
ਪਾਕਿਸਤਾਨ ਵੱਲੋਂ ਕੰਟਰੋਲ ਰੇਖਾ 'ਤੇ ਕੀਤੀ ਗਈ ਵੱਡੀ ਮਾਤਰਾ ਵਿੱਚ ਗੋਲ਼ੀਬਾਰੀ ਦੌਰਾਨ ਚਾਰ ਜਵਾਨ ਸ਼ਹੀਦ ਹੋ ਗਏ ਸਨ।
- 11 ਫਰਵਰੀ, 2018
ਜੰਮੂ ਦੇ ਸੁੰਜਵਾਨ ਵਿੱਚ ਫ਼ੌਜੀ ਕੈਂਪ 'ਤੇ ਹੋਏ ਅੱਤਵਾਦੀ ਹਮਲੇ ਵਿੱਚ ਫ਼ੌਜ ਦੇ ਪੰਜ ਜਵਾਨ ਸ਼ਹੀਦ ਹੋਏ। ਇਸ ਦਹਿਸ਼ਤੀ ਹਮਲੇ ਵਿੱਚ ਇੱਕ ਜਵਾਨ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ।
- 12 ਫਰਵਰੀ, 2018
ਸ੍ਰੀਨਗਰ ਦੇ ਕਰਣ ਸੈਕਟਰ ਵਿੱਚ ਸੀ.ਆਰ.ਪੀ.ਐਫ. ਕੈਂਪ 'ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਇਸ ਹਮਲੇ ਵਿੱਚ ਬਿਹਾਰ ਦੇ ਆਰਾ ਦੇ ਰਹਿਣ ਵਾਲੇ ਕਾਂਸਟੇਬਲ ਮੋਜਾਹਿਦ ਖ਼ਾਨ ਸ਼ਹੀਦ ਹੋ ਗਏ।