ਨਵੀਂ ਦਿੱਲੀ: ਲੰਘੀ ਰਾਤ ਤੋਂ ਲੈ ਕੇ ਹੁਣ ਤੱਕ ਦੇਸ਼ ਦੇ 9 ਸ਼ਹਿਰਾਂ 'ਚ ਹੋਏ ਵੱਖ-ਵੱਖ ਹਾਦਸਿਆਂ 'ਚ 28 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੁੰਬਈ ਵਿੱਚ ਹੈਲੀਕਾਪਟਰ ਕ੍ਰੈਸ਼ ਹੋਣ, ਦਹਾਨੂ 'ਚ ਸਮੁੰਦਰ ਵਿੱਚ ਕਿਸ਼ਤੀ ਡੁੱਬਣ ਕਾਰਨ, ਰਾਜਕੋਟ 'ਚ ਅੱਗ ਲੱਗਣ ਕਾਰਨ ਤੇ ਜੈਪੁਰ ਵਿੱਚ ਰਸੋਈ ਗੈਸ ਸਲੰਡਰ ਫਟਣ ਕਾਰਨ ਇਹ ਮੌਤਾਂ ਹੋਈਆਂ।


ਓ.ਐੱਨ.ਜੀ.ਸੀ. ਹੈਲੀਕਾਪਟਰ ਹਾਦਸਾ-

ਅੱਜ ਦੁਪਹਿਰ ਮੁੰਬਈ ਦੇ ਸਮੁੰਦਰ 'ਚ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਹੈਲੀਕਾਪਟਰ 'ਚ ਓ.ਐੱਨ.ਜੀ.ਸੀ. ਦੇ ਕਰਮਚਾਰੀ ਸਣੇ ਸੱਤ ਲੋਕ ਸਵਾਰ ਸਨ। ਹਾਦਸੇ ਤੋਂ ਬਾਅਦ ਚਾਰ ਲਾਸ਼ਾ ਬਰਾਮਦ ਕਰ ਲਈਆਂ ਗਈਆਂ ਹਨ। ਸੂਤਰਾਂ ਮੁਤਾਬਕ 7 ਲੋਕਾਂ ਨੂੰ ਲੈ ਕੇ ਜਾ ਰਿਹਾ ਪਵਨ ਹੰਸ ਦਾ ਇਕ ਹੈਲੀਕਾਪਟਰ ਮੁੰਬਈ ਦੇ ਇਲਾਕੇ 'ਚ ਲਾਪਤਾ ਹੋ ਗਿਆ ਸੀ। ਕੁਝ ਚਿਰ ਬਾਅਦ ਕ੍ਰੈਸ਼ ਹੋਏ ਹੈਲੀਕਾਪਟਰ ਦਾ ਮਲਬਾ ਮਿਲ ਗਿਆ। ਹੈਲੀਕਾਪਟਰ 'ਚ ਸਵਾਰ ਬਾਕੀ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਦਹਾਨੂ 'ਚ ਕਿਸ਼ਤੀ ਡੁੱਬਣ ਕਾਰਨ 4 ਮੌਤਾਂ

ਮਹਾਰਾਸ਼ਟਰ-ਗੁਜਰਾਤ ਸਰਹੱਦ 'ਤੇ ਦਹਾਨੂ 'ਚ ਸਮੁੰਦਰ ਕੰਢੇ ਇੱਕ ਕਿਸ਼ਤੀ ਡੁੱਬਣ ਨਾਲ 4 ਦੀ ਮੌਤ ਹੋ ਗਈ। ਕਿਸ਼ਤੀ ਵਿੱਚ ਕੁੱਲ 40 ਬੱਚੇ ਸਵਾਰ ਸਨ। ਹਾਦਸੇ ਤੋਂ ਬਾਅਦ 32 ਬੱਚਿਆਂ ਨੂੰ ਬਚਾ ਲਿਆ ਗਿਆ। ਚਾਰ ਲਾਪਤਾ ਹਨ।

ਰਾਜਕੋਟ 'ਚ ਤਿੰਨ ਵਿਦਿਆਰਥਣਾਂ ਹਲਾਕ-

ਗੁਜਰਾਤ ਦੇ ਰਾਜਕੋਟ 'ਚ ਚੱਲ ਰਹੇ ਰਾਸ਼ਟਰ ਕਥਾ ਸ਼ਿਵਿਰ 'ਚ ਅੱਗ ਲੱਗਣ ਨਾਲ ਤਿੰਨ ਵਿਦਿਆਰਥਣਾਂ ਦੀ ਮੌਤ ਹੋ ਗਈ। ਇਸ 'ਚ 50 ਹਜ਼ਾਰ ਵਿਦਿਆਰਥੀ ਸ਼ਾਮਲ ਹੋਏ ਸਨ।

ਜੈਪੁਰ 'ਚ ਪਰਿਵਾਰ ਦੇ ਪੰਜ ਜੀਅ ਹਲਾਕ-

ਇਸੇ ਤਰ੍ਹਾਂ ਰਾਜਸਥਾਨ ਦੇ ਜੈਪੁਰ 'ਚ ਸਲੰਡਰ ਫਟਣ ਨਾਲ ਇੱਕ ਹੀ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ। ਕਰਨਾਟਕ ਦੇ ਹਾਸਨ 'ਚ ਬੱਸ ਤਲਾਬ 'ਚ ਡਿੱਗ ਪਈ ਜਿਸ 'ਚ 8 ਲੋਕਾਂ ਦੀ ਮੌਤ ਹੋ ਗਈ। ਹੈਦਰਾਬਾਦ 'ਚ ਕਾਰ ਡਿਵਾਇਡਰ ਨਾਲ ਟਕਰਾਈ ਜਿਸ 'ਚ ਇੱਕ ਦੀ ਮੌਤ ਹੋ ਗਈ।