ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ 'ਤੇ ਵੱਡਾ ਸਿਆਸੀ ਹਮਲਾ ਕੀਤਾ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਰਾਣਾ ਗੁਰਜੀਤ ਨੇ ਇਹ ਕਹਿ ਕੇ ਸਿੱਖ ਪੰਥ ਨਾਲ ਗੱਦਾਰੀ ਹੈ ਕਿ 1984 ਦੇ ਕਤਲੇਆਮ 'ਚ ਕਾਂਗਰਸ ਪਾਰਟੀ ਦਾ ਕੋਈ ਹੱਥ ਨਹੀਂ ਹੈ। ਉਨ੍ਹਾਂ ਰਾਣਾ ਗੁਰਜੀਤ ਨੂੰ ਗਾਂਧੀ ਪਰਿਵਾਰ ਦਾ ਚਮਚਾ ਤਕ ਕਹਿ ਦਿੱਤਾ।


ਬੀਤੇ ਕੱਲ੍ਹ ਰਾਣਾ ਗੁਰਜੀਤ ਸਿੰਘ ਨੇ ਕਿਹਾ ਸੀ ਕਿ 1984 ਦੇ ਸਿੱਖ ਕਤਲੇਆਮ ਵਿੱਚ ਕਾਂਗਰਸ ਦਾ ਕੋਈ ਹੱਥ ਨਹੀਂ ਸੀ। ਹਾਲਾਂਕਿ, ਉਨ੍ਹਾਂ 1984 ਦੇ 186 ਕੇਸਾਂ ਨੂੰ ਮੁੜ ਖੋਲ੍ਹਣ 'ਤੇ ਬਣਾਈ ਗਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਸਵਾਗਤ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਕੇਂਦਰ ਵਿੱਚ ਉਦੋਂ ਕਾਂਗਰਸ ਦੀ ਸਰਕਾਰ ਸੀ, ਪਰ ਉਹ ਦੰਗਿਆਂ ਵਿੱਚ ਕਿਵੇਂ ਸ਼ਾਮਲ ਹੋ ਸਕਦੀ ਹੈ?

ਅਕਾਲੀ ਬੁਲਾਰੇ ਨੇ ਕਿਹਾ ਹੈ ਕਿ ਇਸ ਮਾਮਲੇ 'ਚ ਗਾਂਧੀ ਪਰਿਵਾਰ ਨੂੰ ਕਲੀਨ ਚਿੱਟ ਦੇਣ ਦਾ ਮਤਲਬ ਪੰਜਾਬ ਤੇ ਸਿੱਖਾਂ ਨਾਲ ਧੋਖਾ ਕਰਨਾ ਹੈ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਸਿਰਫ਼ ਆਪਣੀ ਕੁਰਸੀ ਨੂੰ ਬਚਾਉਣ ਲਈ ਸਾਰੀਆਂ ਖੇਡ ਖੇਡ ਰਹੇ ਹਨ ਕਿਉਂਕਿ ਉਨ੍ਹਾਂ ਰੇਤੇ ਦੀਆਂ ਖੱਡਾਂ 'ਚ ਵੱਡਾ ਘਪਲਾ ਕੀਤਾ ਹੈ। ਉਨ੍ਹਾਂ ਨੂੰ ਡਰ ਹੈ ਕਿ ਗਾਂਧੀ ਪਰਿਵਾਰ ਮੇਰਾ ਮੰਤਰੀ ਵਾਲਾ ਅਹੁਦਾ ਵਾਪਸ ਨਾ ਲੈ ਲਵੇ ਇਸ ਲਈ ਹੀ ਉਹ ਗਾਂਧੀ ਪਰਿਵਾਰ ਦੀ ਚਮਚਾਗਿਰੀ ਕਰ ਰਹੇ ਹਨ।

ਗਰੇਵਾਲ ਨੇ ਕਿਹਾ ਕਿ ਇਹ ਹੁਣ ਤੱਕ ਦੇ ਦਸਤਾਵੇਜ਼ਾਂ ਨਾਲ ਸਾਬਤ ਹੋ ਚੁੱਕਿਆ ਹੈ ਕਿ ਚੁਰਾਸੀ ਦੇ ਕਤਲੇਆਮ 'ਚ ਕਾਂਗਰਸ ਦਾ ਹੱਥ ਸੀ ਤੇ ਖ਼ੁਦ ਰਾਜੀਵ ਗਾਂਧੀ ਨੇ ਕਿਹਾ ਸੀ ਜਦੋਂ ਕੋਈ ਵੱਡਾਦ ਦਰੱਖਤ ਡਿੱਗਦਾ ਹੈ ਉਦੋਂ ਧਰਤੀ ਹਿੱਲਦੀ ਹੈ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਨੂੰ ਇਕ ਸਿੱਖ ਹੋ ਕੇ ਆਪਣੀ ਜ਼ਮੀਰ ਗਾਂਧੀ ਪਰਿਵਾਰ ਨੂੰ ਨਹੀਂ ਵੇਚਣੀ ਚਾਹੀਦੀ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਨੂੰ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਹਨ।