ਚੰਡੀਗੜ੍ਹ: ਇੱਥੋਂ ਲਾਗੇ ਪੈਂਦੇ ਲਘੂ ਪਹਾੜੀ ਸੈਰ-ਸਪਾਟਾ ਕੇਂਦਰ ਵਜੋਂ ਮਸ਼ਹੂਰ ਇਲਾਕਾ ਮੋਰਨੀ ਵਿੱਚ ਅੱਜ ਸਵੇਰੇ 3 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਜ਼ਿਲ੍ਹਾ ਪੰਚਕੂਲਾ ਅਧੀਨ ਪੈਂਦੇ ਮੋਰਨੀ ਦੇ ਜੰਗਲੀ ਇਲਾਕੇ ਵਿੱਚੋਂ ਇਹ ਲਾਸ਼ਾਂ ਬਰਾਮਦ ਕੀਤੀਆਂ ਹਨ। ਮ੍ਰਿਤਕ ਬੱਚਿਆਂ ਦੀ ਪਛਾਣ 11 ਸਾਲਾ ਸਮੀਰ, 8 ਸਾਲਾ ਕੁੜੀ ਸਿਮਰਨ ਤੇ 4 ਸਾਲਾ ਮੁੰਡਾ ਸਮਰ ਵਜੋਂ ਹੋਈ ਹੈ। ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਤੋਂ ਹੱਤਿਆ ਦਾ ਸ਼ੱਕ ਬੱਚਿਆਂ ਦੇ ਪਿਤਾ ਤੇ ਚਾਚਾ 'ਤੇ ਹੈ। ਪੰਚਕੂਲਾ ਪੁਲਿਸ ਦੇ ਡੀ.ਸੀ.ਪੀ. ਮਨਵੀਰ ਸਿੰਘ ਸਮੇਤ ਕਈ ਪੁਲਿਸ ਅਧਿਕਾਰੀ ਮੋਰਨੀ ਪੁੱਜ ਕੇ ਮਾਮਲੇ ਦੀ ਪੜਤਾਲ ਕਰਨਗੇ। ਇਸ ਤੋਂ ਇਲਾਵਾ ਫੋਰੈਂਸਿਕ ਜਾਂਚ ਲਈ ਟੀਮ ਘਟਨਾ ਸਥਾਨ 'ਤੇ ਪਹੁੰਚ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਮਾਮਲਾ ਜ਼ਿਲ੍ਹਾ ਕੁਰੂਕਸ਼ੇਤਰ ਅਧੀਨ ਸ਼ਹਿਰ ਪਹੇਵਾ ਦੇ ਪਿੰਡ ਸਾਰਸਾ ਤੋਂ 3 ਬੱਚਿਆਂ ਦੇ ਗ਼ਾਇਬ ਹੋਣ ਨਾਲ ਸਬੰਧਤ ਹੈ। ਉਕਤ ਬੱਚੇ 2 ਦਿਨ ਪਿੰਡ ਤੋਂ ਗ਼ਾਇਬ ਹੋ ਗਏ ਸਨ ਤੇ ਅੱਜ ਇਨ੍ਹਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।